ਮੈਂਬਰ ਪੰਜਾਬ ਸਟੇਟ ਫੂਡ ਕਾਰਪੋਰੇਸ਼ਨ ਵੱਲੋਂ ਫਰੀਦਕੋਟ ਦਾ ਦੌਰਾ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਰੀਦਕੋਟ।
ਮੈਂਬਰ ਪੰਜਾਬ ਸਟੇਟ ਫੂਡ ਕਾਰਪੋਰੇਸ਼ਨ ਵੱਲੋਂ ਫਰੀਦਕੋਟ ਦਾ ਦੌਰਾ
ਜ਼ਿਲੇ ਦੇ ਵੱਖ ਵੱਖ ਡਿਪੂਆਂ ਦੀ ਕੀਤੀ ਅਚਨਚੇਤ ਚੈਕਿੰਗ
ਫ਼ਰੀਦਕੋਟ 17 ਜੂਨ ()ਯੋਗ ਲਾਭਪਾਤਰੀਆਂ ਨੂੰ ਕਣਕ ਦੀ ਵੰਡ, ਗੁਣਵੱਤਾ ਆਦਿ ਦਾ ਨਿਰੀਖਣ ਕਰਨ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਵੱਖ ਵੱਖ ਡਿਪੂਆਂ
ਦੀ ਅਚਨਚੇਤ ਚੈਕਿੰਗ ਕੀਤੀ।ਇਸ ਮੌਕੇ ਡੀ.ਐੱਫ. ਐੱਸ. ਸੀ ਮੈਡਮ ਵੰਦਨਾ ਕੁਮਾਰੀ, ਏ. ਐੱਫ. ਐੱਸ. ਸੀ ਸ. ਗੁਰਚਰਨਪਾਲ ਸਿੰਘ ਫ਼ਰੀਦਕੋਟ ਵੀ ਵਿਸ਼ੇਸ਼ ਤੌਰ ਤੇ ਉਨ੍ਹਾਂ ਨਾਲ ਹਾਜ਼ਰ ਸਨ।
ਇਸ ਮੌਕੇ ਉਨ੍ਹਾਂ ਪਿੰਡ ਫਤਿਹਗੜ੍ਹ ਦਬੜੀ ਖਾਨਾ, ਬਾਜਾ ਰੋਡ ਜੈਤੋਂ, ਰਾਮਲੀਲਾ ਗਰਾਊਂਡ ਜੈਤੋਂ, ਚੰਦਰ ਕਾਂਤਾ ਜੈਤੋਂ,ਸਤਨਾਮ ਸਿੰਘ ਅਤੇ ਗੁਰਵਿੰਦਰ ਸਿੰਘ ਢਾਹਾਂ,ਬਾਜ਼ੀਗਰ ਬਸਤੀ , ਵਾਰਡ ਨੰ. 23, ਸੰਜੇ ਨਗਰ ਫਰੀਦਕੋਟ ਆਦਿ ਡਿਪੂਆਂ ਦੀ ਚੈਕਿੰਗ ਕੀਤੀ ਅਤੇ ਵੱਖ ਵੱਖ ਰਾਸ਼ਨ ਡਿਪੂਆਂ ਵਿੱਚ ਵੱਖ ਵੱਖ ਸਕੀਮਾਂ ਤਹਿਤ ਦਿੱਤੀ ਜਾ ਰਹੀ ਕਣਕ ਦੀ ਕੁਆਲਿਟੀ, ਇਸ ਦੀ ਵੰਡ ਆਦਿ ਬਾਰੇ ਜਾਣਕਾਰੀ ਲਈ ਅਤੇ ਸਭ ਸੰਤੁਸ਼ਟੀਜਨਕ ਪਾਇਆ।ਇਸ ਚੈਕਿੰਗ ਦੌਰਾਨ ਜੋ ਖਾਮੀਆਂ ਮੈਂਬਰ ਦੇ ਧਿਆਨ ਵਿੱਚ ਆਈਆਂ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕਰਨ ਦੀਆਂ ਹਦਾਇਤਾਂ ਸਬੰਧਤ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਗਈਆਂ।
ਉਨ੍ਹਾਂ ਮੌਕੇ ਤੇ ਹਾਜ਼ਰ ਲੋਕਾਂ ਨੂੰ ਕਿਹਾ ਕਿ ਉਹ ਕਣਕ ਲੈਣ ਸਮੇਂ ਇਸ ਦੇ ਮਿਆਰ ਅਤੇ ਭਾਰ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣ।ਉਨ੍ਹਾਂ ਸਰਕਾਰੀ ਰਾਸ਼ਨ ਦੇ ਡਿਪੂ ਵਿੱਚ ਲਾਭਪਾਤਰੀਆਂ ਨਾਲ ਗੱਲ ਕੀਤੀ ਅਤੇ ਕਣਕ ਦੇ ਬੈਗਾਂ ਨੂੰ ਕੰਡੇ ਤੇਂ ਤੋਲ ਕੇ ਭਾਰ ਚੈਕ ਕੀਤਾ ਗਿਆ ਜੋ ਕਿ ਸਹੀ ਪਾਇਆ ਗਿਆ। ਉਨ੍ਹਾਂ ਇਸ ਮੌਕੇ ਵਿਭਾਗ ਦੇ ਇੰਸਪੈਕਟਰਾਂ ਨੂੰ ਕਿਹਾ ਕਿ ਉਹ ਸਮੇਂ ਸਮੇਂ ਤੇ ਰਾਸ਼ਨ ਡਿਪੂਆਂ ਦੀ ਚੈਕਿੰਗ ਕਰਨ ਤਾਂ ਜੋ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੇ ਜਾਂਦੀ ਕਣਕ ਵਿੱਚ ਕਿਸੇ ਕਿਸਮ ਦੀ ਊਣਤਾਈ ਨਾ ਹੋਵੇ।
ਇਸ ਮੌਕੇ ਉਨ੍ਹਾਂ ਸਮੂਹ ਡਿਪੂ ਹੋਲਡਰਾਂ ਨੂੰ ਹਦਾਇਤ ਕੀਤੀ ਕਿ ਉਹ ਅਨਾਜ ਦੀ ਵੰਡ ਵਿੱਚ ਸਰਕਾਰ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡਿਪੂਆਂ ’ਤੇ ਸਰਕਾਰੀ ਸਕੀਮਾਂ ਸਬੰਧੀ ਸ਼ਿਕਾਇਤ ਬਕਸੇ, ਸੁਝਾਅ ਬਾਕਸ ਅਤੇ ਜਾਗਰੂਕਤਾ ਬੈਨਰ ਲਗਾਏ ਜਾਣ।
ਇਸ ਮੌਕੇ ਵਰਿੰਦਰ ਸਿੰਘ ਨਿਰੀਖਕ,ਰਵਿੰਦਰ ਕੁਮਾਰ ਸ਼ਰਮਾ ਨਿਰੀਖਕ, ਸ਼ਿਲਪ ਕੁਮਾਰ ਨਿਰੀਖਕ ਜੈਤੋ, ਰਾਜੇਸ਼ ਸਿੰਗਲਾ ਨਿਰੀਖਕ ਜੈਤੋ ਹਾਜ਼ਰ ਸਨ।