ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਸਮੀਖਿਆ ਬੈਠਕ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਸਮੀਖਿਆ ਬੈਠਕ
-ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ
ਫਾਜਿਲ਼ਕਾ, 19 ਨਵੰਬਰ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਅਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਅੱਜ ਪਰਾਲੀ ਪ੍ਰਬੰਧਨ ਸਬੰਧੀ ਸਮੀਖਿਆ ਬੈਠਕ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਲਗਾਤਾਰ ਖੇਤਾਂ ਦੇ ਦੌਰੇ ਕਰਕੇ ਕਿਸਾਨਾਂ ਨਾਲ ਸਿੱਧਾ ਰਾਬਤਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਇਸ ਵਾਰ ਸੰਜਮ ਵਰਤਿਆ ਗਿਆ ਹੈ ਅਤੇ ਅੱਗੇ ਤੋਂ ਵੀ ਇਸੇ ਤਰੀਕੇ ਨਾਲ ਪਰਾਲੀ ਦਾ ਪ੍ਰਬੰਧਨ ਕਰ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਅੱਗ ਲਗਾਉਣ ਨਾਲ ਨਾ ਕੇਵਲ ਵਾਤਾਵਰਨ ਪ੍ਰਦੁਸ਼ਿਤ ਹੁੰਦਾ ਹੈ ਸਗੋਂ ਇਸ ਨਾਲ ਕਿਸਾਨਾਂ ਦੀ ਜਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ ਅਤੇ ਸਾਡੇ ਖੇਤਾਂ ਵਿਚ ਕਿਸਾਨਾਂ ਦੇ ਮਿੱਤਰ ਕੀਟ ਵੀ ਨਸ਼ਟ ਹੋ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਪਿੰਡ ਵਿਚ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਕਿਸਾਨ ਪਰਾਲੀ ਪ੍ਰਬੰਧਨ ਸਬੰਧੀ ਕਿਸੇ ਵੀ ਸਲਾਹ ਲਈ ਜਾਂ ਪਿੰਡ ਵਿਚ ਉਪਲਬੱਧ ਮਸ਼ੀਨਾਂ ਦੀ ਜਾਣਕਾਰੀ ਲਈ ਨੋਡਲ ਅਫ਼ਸਰ ਨਾਲ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਪਰਾਲੀ ਸਾੜਦੇ ਹਨ ਉਨ੍ਹਾਂ ਖਿਲਾਫ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਕੇਸ ਦਰਜ ਹੋਣ ਦੇ ਨਾਲ ਨਾਲ ਜਮੀਨ ਦੇ ਰਿਕਾਰਡ ਵਿਚ ਰੈਡ ਇੰਟਰੀ ਹੋ ਰਹੀ ਹੈ ਅਤੇ ਜੁਰਮਾਨਾ ਵੀ ਕਰਨਾ ਪੈ ਰਿਹਾ ਹੈ।
ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਦਿਨ ਸਮੇਂ ਪੁਲਿਸ ਵਿਭਾਗ ਵੱਲੋਂ ਵੀ ਲਗਾਤਾਰ ਗਸਤ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਿਭਾਗ ਵੱਲੋਂ ਵੀ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵੀ ਕਿਸਾਨਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।
ਬੈਠਕ ਵਿਚ ਐਸਪੀ ਰਮਨੀਸ਼ ਚੌਧਰੀ ਅਤੇ ਪ੍ਰਦੀਪ ਸੰਧੂ, ਐਸਡੀਐਮ ਕੰਵਰਜੀਤ ਸਿੰਘ ਮਾਨ ਵੀ ਹਾਜਰ ਸਨ।