ਨਗਰ ਨਿਗਮ ਅਬੋਹਰ ਵੱਲੋਂ ਸਫਾਈ ਵਿਵਸਥਾ ਵਿਚ ਸੁਧਾਰ ਲਈ ਉਪਰਾਲੇ ਤੇਜ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ
ਨਗਰ ਨਿਗਮ ਅਬੋਹਰ ਵੱਲੋਂ ਸਫਾਈ ਵਿਵਸਥਾ ਵਿਚ ਸੁਧਾਰ ਲਈ ਉਪਰਾਲੇ ਤੇਜ
-ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ, ਫੀਸ ਨਾ ਅਦਾ ਕਰਨ ਵਾਲਿਆਂ ਦੇ ਹੋ ਰਹੇ ਹਨ ਚਲਾਨ
ਅਬੋਹਰ, 4 ਮਾਰਚ
ਨਗਰ ਨਿਗਮ ਵੱਲੋਂ ਅਬੋਹਰ ਸ਼ਹਿਰ ਵਿਚ ਸਫਾਈ ਵਿਵਸਥਾ ਵਿਚ ਸੁਧਾਰ ਲਈ ਉਪਰਾਲੇ ਤੇਜ ਕਰ ਦਿੱਤੇ ਗਏ ਹਨ। ਇਸ ਤਹਿਤ ਘਰਾਂ ਤੋਂ ਕੂੜਾ ਚੁੱਕਣ ਵਾਲੇ ਬਦਲੇ ਭੁਗਤਾਨ ਨਾ ਕਰਨ ਵਾਲੇ ਲੋਕਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ, ਉਥੇ ਹੀ ਨਿਗਮ ਵੱਲੋਂ ਇਸ ਅਭਿਆਨ ਵਿਚ ਸ਼ਹਿਰ ਵਾਸੀਆਂ ਤੋਂ ਸਹਿਯੋਗ ਮੰਗਿਆ ਗਿਆ ਹੈ।
ਅਬੋਹਰ ਨਗਰ ਨਿਗਮ ਵੱਲੋਂ ਗਿੱਲਾ ਅਤੇ ਸੁੱਕਾ ਕੂੜਾ ਘਰਾਂ ਤੋਂ ਹੀ ਵਰਗੀਕ੍ਰਿਤ ਕਰਕੇ ਚੁੱਕਣ ਲਈ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ। ਇਸ ਲਈ ਨਗਰ ਨਿਗਮ ਵੱਲੋਂ ਘਰਾਂ ਤੋਂ ਵੀ ਇਕ ਨਿਰਧਾਰਤ ਫੀਸ ਲਈ ਜਾਂਦੀ ਹੈ। ਪਰ ਕੁਝ ਲੋਕ ਆਪਣੀ ਸਮਾਜਿਕ ਜਿੰਮੇਵਾਰੀ ਤੋਂ ਪਿੱਛੇ ਹਟਦੇ ਹੋਏ ਸਮੇਂ ਸਿਰ ਇਹ ਫੀਸ ਅਦਾ ਨਹੀਂ ਕਰ ਰਹੇ ਹਨ। ਨਿਗਮ ਵੱਲੋਂ ਅਜਿਹੇ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਹਨ।
ਇਸ ਦੌਰਾਨ ਨਗਰ ਨਿਗਮ ਦਾ ਸਟਾਫ ਘਰ ਘਰ ਜਾ ਕੇ ਅਜਿਹੇ ਲੋਕਾਂ ਦੇ ਜਿੱਥੇ ਚਲਾਨ ਕਰ ਰਿਹਾ ਹੈ ਉਥੇ ਹੀ ਲੋਕਾਂ ਨੂੰ ਪ੍ਰੇਰਿਤ ਵੀ ਕਰ ਰਿਹਾ ਹੈ ਕਿ ਗਿੱਲਾ ਅਤੇ ਸੁੱਕਾ ਕੂੜਾ ਘਰ ਦੇ ਪੱਧਰ ਤੇ ਹੀ ਅਲਗ ਅਲਗ ਕਰਕੇ ਦਿੱਤਾ ਜਾਵੇ ਅਤੇ ਇਸ ਸਬੰਧੀ ਬਣਦੀ ਫੀਸ ਵੀ ਸਮੇਂ ਸਿਰ ਦਿੱਤੀ ਜਾਵੇ। ਸਟਾਫ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਕਿ ਸ਼ਹਿਰ ਦੀ ਸਾਫ ਸਫਾਈ ਸਭ ਦੀ ਸਾਂਝੀ ਜਿੰਮੇਵਾਰੀ ਹੈ ਅਤੇ ਜੇਕਰ ਸਾਰੀਆਂ ਧਿਰਾਂ ਇਸ ਵਿਚ ਆਪਣਾ ਯੋਗਦਾਨ ਦੇਣਗੀਆਂ ਤਾਂ ਅਸੀਂ ਆਪਣੇ ਸ਼ਹਿਰ ਨੂੰ ਜਿਆਦਾ ਸਾਫ ਸੁਥਰਾ ਰੱਖ ਸਕਦੇ ਹਾਂ। ਲੋਕਾਂ ਵੱਲੋਂ ਵੀ ਇਸ ਸਬੰਧ ਵਿਚ ਸਹਿਯੋਗ ਮਿਲਣ ਲੱਗਿਆ ਹੈ।