ਸਬਜ਼ੀਆਂ ਤੇ ਫ਼ਲਾਂ ਦੀਆਂ ਰੇਹੜੀਆਂ ਵਾਲੇ ਨਿਰਧਾਰਤ ਥਾਂ `ਤੇ ਰੇਹੜੀਆਂ ਸ਼ਿਫ਼ਟ ਕਰਨ ਲਈ ਹੋਏ ਸਹਿਮਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ
ਸਬਜ਼ੀਆਂ ਤੇ ਫ਼ਲਾਂ ਦੀਆਂ ਰੇਹੜੀਆਂ ਵਾਲੇ ਨਿਰਧਾਰਤ ਥਾਂ `ਤੇ ਰੇਹੜੀਆਂ ਸ਼ਿਫ਼ਟ ਕਰਨ ਲਈ ਹੋਏ ਸਹਿਮਤ
ਰੇਹੜੀ ਵਾਲਿਆਂ ਵੱਲੋਂ ਰੇਹੜੀਆਂ ਸ਼ਿਫ਼ਟ ਕਰਨ ਲਈ ਥੋੜਾ ਸਮਾਂ ਹੋਰ ਮੰਗਣ `ਤੇ ਪ੍ਰਸ਼ਾਸਨ ਨੇ ਸਮਾਂ ਦਿੱਤਾ
ਨਵੀਂ ਰੇਹੜੀ ਮਾਰਕਿਟ ਵਿੱਚ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ ਬੁਨਿਆਦੀ ਸਹੂਲਤਾਂ
ਗੁਰਦਾਸਪੁਰ, 01 ਜੁਲਾਈ ( ) - ਗੁਰਦਾਸਪੁਰ ਸ਼ਹਿਰ ਦੇ ਸਬਜ਼ੀਆਂ ਅਤੇ ਫ਼ਲਾਂ ਦੀਆਂ ਰੇਹੜੀਆਂ ਵਾਲੇ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਿਵਾ ਰਿਜ਼ਾਰਟ ਦੇ ਸਾਹਮਣੇ ਪੁਰਾਣੀ ਢਾਬ ਦੇ ਇਲਾਕੇ ਵਿੱਚ ਰੇਹੜੀ ਮਾਰਕਿਟ ਲਈ ਨਿਰਧਾਰਤ ਕੀਤੀ ਥਾਂ ਉੱਪਰ ਜਾਣ ਲਈ ਰਾਜ਼ੀ ਹੋ ਗਏ ਹਨ, ਪਰ ਇਸਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਓਥੇ ਰੇਹੜੀਆਂ ਸ਼ਿਫ਼ਟ ਕਰਨ ਲਈ ਕੁਝ ਹੋਰ ਸਮਾਂ ਮੰਗਿਆ ਹੈ, ਜਿਸ ਲਈ ਪ੍ਰਸ਼ਾਸਨ ਵੀ ਸਹਿਮਤ ਹੋ ਗਿਆ ਹੈ।
ਅੱਜ ਰੇਹੜੀ ਯੂਨੀਅਨ ਦੇ ਵਫ਼ਦ ਵੱਲੋਂ ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਰੇਹੜੀ ਯੂਨੀਅਨ ਦੇ ਨੁਮਾਇੰਦਿਆਂ ਨੇ ਐੱਸ.ਡੀ.ਐੱਮ. ਗੁਰਦਾਸਪੁਰ ਨੂੰ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੀ ਥਾਂ `ਤੇ ਜਾਣ ਲਈ ਤਿਆਰ ਹਨ। ਉਨ੍ਹਾਂ ਨਵੀਂ ਰੇਹੜੀ ਮਾਰਕਿਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਕੁਝ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਰੇਹੜੀ ਯੂਨੀਅਨ ਦੀ ਮੰਗ ਨੂੰ ਮੰਨਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੁਝ ਸਮਾਂ ਦਿੰਦਿਆਂ ਕਿਹਾ ਕਿ ਉਹ ਨਵੀਂ ਰੇਹੜੀ ਮਾਰਕਿਟ ਵਿੱਚ ਜਲਦ ਹੀ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਏਗਾ।