ਆਜਾਦੀ ਦਿਹਾੜੇ ਨੂੰ ਧਿਆਨ ਚੋਂ ਰੱਖਦਿਆਂ ਜਿਲ੍ਹਾ ਮੈਜਿਸਟਰੇਟ ਵੱਲੋਂ 15 ਅਗਸਤ ਨੂੰ ਕੀਤਾ ਡਰਾਈ ਡੇ ਘੋਸਿਤ
ਸੁਤੰਤਰਤਾ ਦਿਵਸ 15 ਅਗਸਤ 2024 ਦਾ ਸਮਾਗਮ ਪੂਰੇ ਭਾਰਤ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕਾਂ ਵੱਲੋਂ ਸ਼ਰਾਬ ਦੀ ਵਰਤੋਂ ਕਰਨ ਉਪਰੰਤ ਲੜਾਈ-ਝਗੜਾ ਕਰਨ ਕਰਕੇ ਆਮਨ-ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਅੰਦੇਸ਼ਾ ਹੋ ਸਕਦਾ ਹੈ। ਇਸ ਲਈ ਸੁਤੰਤਰਤਾ ਦਿਵਸ ਸ਼ਾਂਤੀ ਪੂਰਵਕ ਮਨਾਉਣ ਲਈ ਡਰਾਈ ਡੇਅ ਘੋਸ਼ਿਤ ਕਰਨਾ ਜਰੂਰੀ ਹੈ।
ਸ੍ਰੀ ਅਦਿੱਤਿਆ ਉੱਪਲ, ਆਈ.ਏ.ਐਸ., ਜ਼ਿਲ੍ਹਾ ਮੈਜਿਸਟਰੇਟ, ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਪਠਾਨਕੋਟ ਅੰਦਰ ਸੁਤੰਤਰਤਾ ਦਿਵਸ (ਮਿਤੀ 15.08.2024) ਨੂੰ ਸਵੇਰੇ 07:00 ਵਜੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਡਰਾਈ ਡੇਅ ("DRY DAY") ਘੋਸ਼ਿਤ ਕਰਦਾ ਹਾਂ। ਉਪਰੋਕਤ ਪਾਬੰਦੀ ਦੌਰਾਨ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਕਿਸੇ ਵੀ ਸ਼ਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜੀ) ਹੋਟਲ, ਦੁਕਾਨ, ਰੈਸਟੋਰੈਂਟ, ਕਲੱਬ, ਬੀਅਰ ਬਾਰ, ਅਹਾਤੇ, ਜਿੱਥੇ ਸ਼ਰਾਬ ਵੇਚਣ ਤੇ ਪੀਣ ਦੀ ਕਾਨੂੰਨੀ ਇਜਾਜਤ ਹੈ ਜਾਂ ਹੋਰ ਜਨਤਕ ਥਾਵਾਂ ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋਂ ਕਰਨ, ਪੀਣ/ਪਿਲਾਉਣ ਅਤੇ ਸਟੋਰ ਕਰਨ ਤੇ ਮੁਕੰਮਲ ਪਾਬੰਦੀ ਲਗਾਉਂਦਾ ਹਾਂ।