ਡਿਪਟੀ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨੇ ਡਾ. ਅੰਬੇਡਕਰ ਦੀ ਪ੍ਰਤਿਮਾ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ
ਡਿਪਟੀ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨੇ ਡਾ. ਅੰਬੇਡਕਰ ਦੀ ਪ੍ਰਤਿਮਾ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ
ਨਵਾਂਸ਼ਹਿਰ, 14 ਅਪ੍ਰੈਲ :
ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜੀਵਨ ਅਤੇ ਵਿਚਾਰਧਾਰਾ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ ਅਤੇ ਉਨ੍ਹਾਂ ਵੱਲੋਂ ਸਮਾਜ ਲਈ ਕੀਤੇ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਅੰਕੁਰਜੀਤ ਸਿੰਘ ਨੇ ਡਾ. ਅੰਬੇਡਕਰ ਦੇ 134ਵੇਂ ਜਨਮ ਦਿਵਸ ਮੌਕੇ ਤਹਿਸੀਲ ਕੰਪਲੈਕਸ ਨਵਾਂਸ਼ਹਿਰ ਵਿਖੇ ਉਨ੍ਹਾਂ ਦੀ ਪ੍ਰਤਿਮਾ 'ਤੇ ਫੁੱਲ ਮਾਲਾਵਾਂ ਭੇਟ ਕਰਨ ਦੌਰਾਨ ਕੀਤਾ। ਡਾ. ਅੰਬੇਡਕਰ ਨੂੰ ਇਕ ਯੁੱਗ ਪੁਰਸ਼ ਅਤੇ ਦੱਬੇ ਕੁਚਲੇ ਲੋਕਾਂ ਦਾ ਮਸੀਹਾ ਦੱਸਦਿਆਂ ਉਨ੍ਹਾਂ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਆਪਣਾ ਪੂਰਾ ਜੀਵਨ ਲੋੜਵੰਦ ਲੋਕਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਅਤੇ ਯਕੀਨੀ ਕਰਨ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਜੀ ਦਾ ਜੀਵਨ ਖਾਸ ਤੌਰ ਉੱਤੇ ਸਾਡੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ ਕਿ ਕਿਵੇਂ ਆਰਥਿਕ ਤੇ ਸਮਾਜਿਕ ਤਕਲੀਫ਼ਾਂ ਦੇ ਬਾਵਜੂਦ ਉਨ੍ਹਾਂ ਸਿੱਖਿਆ ਦੇ ਖੇਤਰ ਵਿਚ ਮੀਲ ਪੱਥਰ ਸਥਾਪਿਤ ਕੀਤੇ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵੱਲੋਂ ਲੋੜਵੰਦ ਲੋਕਾਂ ਅਤੇ ਔਰਤਾਂ ਦੇ ਅਧਿਕਾਰਾਂ ਲਈ ਵਿਆਪਕ ਪੱਧਰ ਉਤੇ ਅੰਦੋਲਨ ਚਲਾਏ ਗਏ, ਜਿਸ ਲਈ ਉਨ੍ਹਾਂ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ, ਸੀ.ਐਮ ਫੀਲਡ ਅਫ਼ਸਰ ਜਗਦੀਪ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਵੀ ਇਸ ਮੌਕੇ ਡਾ. ਅੰਬੇਡਕਰ ਦੀ ਪ੍ਰਤਿਮਾ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ।
ਫੋਟੋ ਕੈਪਸ਼ਨ :
-ਤਹਿਸੀਲ ਕੰਪਲੈਕਸ ਨਵਾਂਸ਼ਹਿਰ ਵਿਖੇ ਡਾ. ਅੰਬੇਡਕਰ ਦੀ ਪ੍ਰਤਿਮਾ ’ਤੇ ਫੁੱਲ ਮਾਲਾਵਾਂ ਭੇਟ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਤੇ ਹੋਰ।