ਆਪ ਸਰਕਾਰ ਕੈਬਨਿਟ ‘ਚ 6 ਐਸਸੀ ਮੰਤਰੀ ਤੇ ਏਜੀ ਦਫ਼ਤਰ ਵਿੱਚ ਪਹਿਲੀ ਵਾਰ ਰਾਖਵਾਂਕਰਨ ਕਰਕੇ ਬਾਬਾ ਸਾਹਿਬ ਦੇ ਸੁਪਨੇ ਨੂੰ ਸਾਕਾਰ ਕਰ ਰਹੀ-ਨਰਿੰਦਰ ਪਾਲ ਸਿੰਘ ਸਵਨਾ

ਦਫ਼ਤਰ ਜ਼ਿਲ੍ਹਾ ਲੋਕ ਸੰਲਰਕ ਅਫ਼ਸਰ, ਫਾਜ਼ਿਲਕਾ
ਆਪ ਸਰਕਾਰ ਕੈਬਨਿਟ ‘ਚ 6 ਐਸਸੀ ਮੰਤਰੀ ਤੇ ਏਜੀ ਦਫ਼ਤਰ ਵਿੱਚ ਪਹਿਲੀ ਵਾਰ ਰਾਖਵਾਂਕਰਨ ਕਰਕੇ ਬਾਬਾ ਸਾਹਿਬ ਦੇ ਸੁਪਨੇ ਨੂੰ ਸਾਕਾਰ ਕਰ ਰਹੀ-ਨਰਿੰਦਰ ਪਾਲ ਸਿੰਘ ਸਵਨਾ
-ਕਿਹਾ, ਵਿਦਿਆਰਥੀਆਂ ਨੂੰ ਐਸ ਸੀ ਸਕਾਲਰਸ਼ਿਪ ਮੁਹਈਆ ਕਰਵਾਉਣਾ ਵੀ ਆਸਾਨ ਕੀਤਾ
-ਵਿਧਾਇਕ ਨੇ ਨੌਜ਼ਵਾਨ ਸਮਾਜ ਸੇਵਾ ਸੰਸਥਾ ਵੱਲੋਂ ਅੰਬੇਦਕਰ ਜਯੰਤੀ ਸਬੰਧੀ ਕਰਵਾਏ ਸਮਾਗਮ ਵਿਚ ਕੀਤੀ ਸ਼ਿਰਕਤ
ਫਾਜ਼ਿਲਕਾ, 14 ਅਪ੍ਰੈਲ:
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੈਬਨਿਟ ਵਿੱਚ 6 ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਤ ਮੰਤਰੀਆਂ ਬਣਾ ਕਿ ਅਤੇ ਐਡਵੋਕੇਟ ਜਨਰਲ ਦਫ਼ਤਰ ਵਿੱਚ ਪਹਿਲੀ ਵਾਰ ਰਾਖਵਾਂਕਰਨ ਕਰਕੇ ਭਾਰਤ ਰਤਨ ਬਾਬਾ ਸਾਹਿਬ ਬੀ ਆਰ ਅੰਬੇਡਕਰ ਦੇ ਸੁਪਨੇ ਨੂੰ ਹਕੀਕਤ ਵਿੱਚ ਸਾਕਾਰ ਕਰ ਰਹੀ ਹੈ।
ਇਹ ਗੱਲ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਇੱਥੇ ਨਵੇਂ ਬੱਸ ਅੱਡੇ ਵਿਖੇ ਨੌਜਵਾਨ ਸਮਾਜ ਸੇਵਾ ਸੰਸਥਾ ਵੱਲੋਂ ਭਾਰਤ ਰਤਨ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਸਬੰਧੀ ਕਰਵਾਏ ਸਮਾਗਮ ਦੌਰਾਨ ਆਖੀ।
ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਸ਼ਵ ਦੇ ਮਹਾਨ ਦਾਰਸ਼ਨਿਕ, ਅਰਥਸ਼ਾਸਤਰੀ, ਸਮਾਜ ਸੁਧਾਰਕ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮਨਾਇਆ ਗਿਆ ਹੈ ਤਾਂ ਜੋ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਤੱਕ ਪਹੁੰਚਾਇਆ ਜਾ ਸਕੇ।
ਵਿਧਾਇਕ ਨੇ ਕਿਹਾ ਕਿ ਬਾਬਾ ਸਾਹਿਬ ਨੇ ਆਪਣਾ ਪੂਰਾ ਜੀਵਨ ਲੋੜਵੰਦ ਲੋਕਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਅਤੇ ਯਕੀਨੀ ਕਰਨ ਲਈ ਸਮਰਪਿਤ ਕਰ ਦਿੱਤਾ ਅਤੇ ਉਨ੍ਹਾਂ ਤੋਂ ਮਾਰਗ ਦਰਸ਼ਨ ਲੈਂਦੇ ਹੋਏ ਹੁਣ ਪੰਜਾਬ ਸਰਕਾਰ ਹਰ ਵਰਗ ਨੂੰ ਸਮਾਨਤਾ ਦਾ ਅਧਿਕਾਰ ਦਿੰਦੇ ਹੋਏ ਆਪਣੀ ਵਚਨਬੱਧਤਾ ਨਿਭਾਅ ਰਹੀ ਹੈ। ਜਿਸ ਕਰਕੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੈਬਨਿਟ ਵਿੱਚ 6 ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਤ ਮੰਤਰੀਆਂ ਤੇ ਐਡਵੋਕੇਟ ਜਰਨਲ ਦਫ਼ਤਰ ਵਿੱਚ ਪਹਿਲੀ ਵਾਰ ਰਾਖਵਾਂਕਰਨ ਕੀਤਾ ਹੈ ਅਤੇ ਇਸ ਨੂੰ ਸੂਬੇ ਦੇ ਸਾਰੇ ਖੇਤਰਾਂ ਵਿੱਚ ਲਾਗੂ ਕੀਤਾ ਜਾਵੇਗਾ।
ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਅੰਬੇਡਕਰ ਜੀ ਦਾ ਜੀਵਨ ਖਾਸ ਤੌਰ ਉੱਤੇ ਸਾਡੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ ਕਿ ਕਿਵੇਂ ਆਰਥਿਕ ਤੇ ਸਮਾਜਿਕ ਤਕਲੀਫਾਂ ਦੇ ਬਾਵਜੂਦ ਵੀ ਉਨ੍ਹਾਂ ਸਿੱਖਿਆ ਦੇ ਖੇਤਰ ਵਿੱਚ ਮੀਲ ਪੱਥਰ ਸਥਾਪਿਤ ਕੀਤੇ। ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਐਸ ਸੀ ਸਕਾਲਰਸ਼ਿਪ ਮੁਹਈਆ ਕਰਵਾਉਣਾ ਵੀ ਹੋਰ ਸੁਖਾਲਾ ਕਰ ਦਿੱਤਾ ਹੈ ਤਾਂ ਜੋ ਹਰ ਲੋੜਵੰਦ ਵਿਦਿਆਰਥੀ ਉਚੇਰੀ ਸਿੱਖਿਆ ਤੋ ਵਾਂਝਾ ਨਾ ਰਹਿ ਜਾਵੇ। ਜਿਸ ਲਈ ਕੇਵਲ ਸਰਕਾਰੀ ਕਾਲਜ ਫਾਜ਼ਿਲਕਾ ਦੇ ਵਿਦਿਆਰਥੀਆਂ ਨੂੰ ਹੀ 40 ਲੱਖ ਤੋਂ ਵੱਧ ਦਾ ਵਜੀਫਾ ਇਸ ਸਾਲ ਜਾਰੀ ਕੀਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਪੁੱਜੇ ਵਿਧਾਇਕ ਸ੍ਰੀ ਸਵਨਾ ਦੇ ਧਰਮ ਪਤਨੀ ਖੁਸਬੂ ਸਾਵਨਸੁੱਖਾ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅੱਜ ਪਹਿਲੀ ਵਾਰ ਹੋਇਆ ਹੈ ਕਿ ਹਰ ਨਾਗਰਿਕ ਬਾਬਾ ਸਾਹਿਬ ਦੇ ਜਨਮ ਦਿਵਸ ਨੂੰ ਮਨਾ ਰਿਹਾ ਹੈ ਜਿਨ੍ਹਾਂ ਦਾ ਜੀਵਨ ਸਮਾਨਤਾ, ਨਿਆਂ, ਲੋੜਵੰਦ ਲੋਕਾਂ ਦੇ ਅਧਿਕਾਰਾਂ, ਛੂਆਛੂਤ ਅਤੇ ਜਾਤੀ ਪ੍ਰਥਾ ਦੇ ਖਿਲਾਫ਼ ਜੰਗ ਲਈ ਸਮਰਪਿਤ ਸੀ।
ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਵਲੋਂ ਲੋੜਵੰਦ ਲੋਕਾਂ ਅਤੇ ਔਰਤਾਂ ਦੇ ਅਧਿਕਾਰਾਂ ਲਈ ਵਿਆਪਕ ਪੱਧਰ ਉਤੇ ਅੰਦੋਲਨ ਚਲਾਏ ਗਏ। ਜਿਸ ਲਈ ਬਾਬਾ ਸਾਹਿਬ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ ਜਿਸ ਵਿੱਚ ਯੂ.ਐਨ. ਵਲੋਂ ਸਨਮਾਨ, ਵਿਦੇਸ਼ਾਂ ਵਿੱਚ ਮੂਰਤੀਆਂ ਲੱਗਣਾ ਅਤੇ ਕੋਲੰਬੀਆ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ ਆਪਣਾ ਸਭ ਤੋਂ ਮਹੱਤਵਪੂਰਨ ਵਿਦਿਆਰਥੀ ਮੰਨਣਾ ਆਦਿ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਵੀ ਬਾਬਾ ਸਾਹਿਬ ਦੇ ਵਿਚਾਰਾਂ ਦੀ ਲੋੜ ਅਤੇ ਅਹਿਮੀਅਤ ਉਨੀ ਹੀ ਹੈ ਜਿੰਨੀ ਪਹਿਲਾਂ ਸੀ ਅਤੇ ਇਨ੍ਹਾਂ ਦੇ ਲੋਕਤੰਤਰ, ਸਮਾਨਤਾ, ਸਿੱਖਿਆ, ਸਵੈ-ਗੌਰਵ ਪ੍ਰਤੀ ਵਿਚਾਰ ਅੱਜ ਦੇ ਸਮਾਜਿਕ ਅਤੇ ਰਾਜਨੀਤਿਕ ਪ੍ਰਸੰਗ ਵਿੱਚ ਬਹੁਤ ਹੀ ਮਾਇਨੇ ਰੱਖਦੇ ਹਨ। ਜਿਸ ਲਈ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੀਆਂ ਸਿੱਖਿਆ ਅਤੇ ਤਰਕਸ਼ੀਲਤਾ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਸ ਮੌਕੇ ਸ੍ਰੀ ਅਰੁਣ ਵਧਵਾ, ਬਿੱਟੂ ਸੇਤੀਆ, ਸੰਦੀਪ ਚਲਾਣਾ, ਵਿਜੈ ਨਾਗਪਾਲ, ਲਵਲੀ ਵਾਲਮਿਕੀ, ਨਿਸਾਂਤ ਸੇਤੀਆ, ਅਰਪਿਤ ਗੁਪਤਾ, ਪੰਕਜ, ਬੱਬੂ ਚੇਤੀਵਾਲ ਆਦਿ ਵੀ ਹਾਜਰ ਸਨ।