ਹੁਸੈਨੀਵਾਲਾ ਹੈਡਵਰਕਸ ਤੋਂ ਨਿਕਾਸੀ ਘਟੀ, ਫਿਲਹਾਲ ਫਾਜਿ਼ਲਕਾ ਜਿ਼ਲ੍ਹੇ ਵਿਚ ਸਥਿਤੀ ਕਾਬੂ ਹੇਠ
ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਫਾਜਿ਼ਲਕਾ
ਹੁਸੈਨੀਵਾਲਾ ਹੈਡਵਰਕਸ ਤੋਂ ਨਿਕਾਸੀ ਘਟੀ, ਫਿਲਹਾਲ ਫਾਜਿ਼ਲਕਾ ਜਿ਼ਲ੍ਹੇ ਵਿਚ ਸਥਿਤੀ ਕਾਬੂ ਹੇਠ
—ਫਾਜਿ਼ਲਕਾ ਦੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਕਾਂਵਾਂ ਵਾਲੀ ਬੰਨ੍ਹ ਦਾ ਦੌਰਾ
—ਵੀਰਵਾਰ ਸ਼ਾਮ ਨੂੰ ਹੁਸੈਨੀਵਾਲਾ ਹੈਡਵਰਕਸ ਤੋਂ ਨਿਕਾਸੀ 178992 ਕਿਉਸਿਕ ਰਹੀ
ਫਾਜਿ਼ਲਕਾ, 13 ਜ਼ੁਲਾਈ
ਹੁਸੈਨੀਵਾਲਾ ਹੈਡਵਰਕਸ ਤੋਂ ਵੀਰਵਾਰ ਦੀ ਸ਼ਾਮ 5 ਵਜੇ 178992 ਕਿਉਸਿਕ ਪਾਣੀ ਦੀ ਨਿਕਾਸੀ ਹੋ ਰਹੀ ਹੈ ਜਦ ਕਿ ਬੁੱਧਵਾਰ ਦੀ ਅਤੇ ਵੀਰਵਾਰ ਦੀ ਸਵੇਰ ਇੱਥੋ ਇਸ ਨਿਕਾਸੀ ਦੀ ਮਾਤਰਾ 1,99,872 ਕਿਉਸਿਕ ਸੀ। ਇਸ ਤਰਾਂ ਲਗਭਗ 21 ਹਜਾਰ ਕਿਉਸਿਕ ਪਾਣੀ ਦੀ ਕਮੀ ਹੁਸੈਨੀਵਾਲਾ ਹੈਡਵਰਕਸ ਤੋਂ ਹੋਈ ਹੈ ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਫਾਜਿ਼ਲਕਾ ਖੇਤਰ ਨੂੰ ਹੜ੍ਹ ਤੋਂ ਰਾਹਤ ਮਿਲੇਗੀ।ਪਰ ਹਾਲੇ ਵੀ ਸੁੱਕਰਵਾਰ ਦਾ ਦਿਨ ਵਿਸੇਸ ਚੌਕਸੀ ਵਾਲਾ ਹੈ।ਇਹ ਜਾਣਕਾਰੀ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ।
ਦੂਜ਼ੇ ਪਾਸੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਅੱਜ ਕਾਂਵਾਂ ਵਾਲੀ ਹੈਡਵਰਕਸ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਇੱਥੋ ਪਾਣੀ ਕਾਂਵਾਂਵਾਲੀ ਵਾਲੇ ਪੁੱਲ ਤੋਂ ਹਾਲੇ ਲਗਭਗ ਅੱਧਾ ਫੁਟ ਨੀਵਾਂ ਵਹਿ ਰਿਹਾ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਲੇ ਤੱਕ ਪਿੰਡਾਂ ਦੀ ਆਬਾਦੀ ਵਾਲੇ ਖੇਤਰ ਵਿਚ ਪਾਣੀ ਨਹੀਂ ਗਿਆ ਹੈ ਪਰ ਕੁਝ ਥਾਂਵਾਂ ਤੇ ਨਦੀ ਦੇ ਨਾਲ ਲੱਗਦੇ ਕੁਝ ਨੀਂਵੇਂ ਖੇਤਾਂ ਵਿਚ ਜਰੂਰ ਪਾਣੀ ਭਰਿਆ ਹੈ।ਉਨ੍ਹਾਂ ਅਨੁਸਾਰ ਸਥਿਤੀ ਪੂਰੀ ਤਰਾਂ ਨਾਲ ਕਾਬੂ ਹੇਠ ਹੈ ਅਤੇ ਪਾਣੀ ਲਗਾਤਾਰ ਅੱਗੇ ਜਾ ਰਿਹਾ ਹੈ। ਜਿ਼ਲ੍ਹਾ ਪ੍ਰਸ਼ਾਸਨ ਦੀਆਂ ਰਾਹਤ ਟੀਮਾਂ ਲਗਾਤਾਰ ਚੌਕਸੀ ਰੱਖ ਰਹੀਆਂ ਹਨ। ਲੋਕਾਂ ਵੱਲੋਂ ਵੀ ਹੌਂਸਲੇ ਨਾਲ ਪ੍ਰ਼ਸ਼ਾਸਨ ਦਾ ਸਾਥ ਦਿੱਤਾ ਜਾ ਰਿਹਾ ਹੈ। ਰਾਹਤ ਕੈਂਪਾਂ ਵਿਚ ਸਾਰੇ ਪ੍ਰਬੰਧ ਮੁਕੰਮਲ ਹਨ ਪਰ ਹਾਲੇ ਲੋਕ ਆਪਣੇ ਆਪ ਨੂੰ ਆਪਣੇ ਪਿੰਡਾਂ ਵਿਚ ਸੁਰੱਖਿਅਤ ਸਮਝ ਰਹੇ ਹਨ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸੁਚੇਤ ਕੀਤਾ ਹੋਇਆ ਕਿ ਜ਼ੇਕਰ ਕੋਈ ਖਤਰਾ ਹੋਇਆ ਤਾਂ ਤੁਰੰਤ ਉਹ ਪ੍ਰਸ਼ਾਸਨ ਦੀ ਗੱਲ ਮੰਨ ਕੇ ਸੁਰੱਖਿਅਤ ਥਾਂ ਤੇ ਆ ਜਾਣਗੇ।
ਇਸ ਮੌਕੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਵਿਭਾਗ ਪੂਰੀ ਚੌਕਸੀ ਨਾਲ ਪ੍ਰਬੰਧਾਂ ਵਿਚ ਲੱਗੇ ਹੋਏ ਹਨ ਅਤੇ ਉਹ ਵੀ ਲਗਾਤਾਰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਦੀਆਂ ਗੱਲ ਸੁਣੀ ਜਾ ਰਹੀ ਹੈ ਅਤੇ ਜਿੱਥੇ ਕਿਤੇ ਵੀ ਕੋਈ ਮੁਸਕਿਲ ਆ ਰਹੀ ਹੈ ਪ੍ਰਸਾ਼ਸਨ ਤੋਂ ਦੂਰ ਕਰਵਾਈ ਜਾ ਰਹੀ ਹੈ।
ਦੂਜ਼ੇ ਪਾਸੇ ਸਿਹਤ ਵਿਭਾਗ ਦੀ ਟੀਮ ਮਹਾਤਮ ਨਗਰ ਵਿਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਨੇ ਜਾਨਵਰਾਂ ਦਾ ਟੀਕਾਕਰਨ ਅੱਜ ਵੀ ਜਾਰੀ ਰੱਖਿਆ ਹੈ। ਇਸਤੋਂ ਬਿਨ੍ਹਾਂ ਜਲ ਸ਼ੋ੍ਰਤ ਵਿਭਾਗ ਤੇ ਪੇਂਡੂ ਵਿਕਾਸ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਰੇਤ ਦੀਆਂ ਬੋਰੀਆਂ ਭਰਨ ਦਾ ਕੰਮ ਜਾਰੀ ਹੈ ਤਾਂ ਜ਼ੋ ਕਿਸੇ ਵੀ ਅਪਾਤ ਸਥਿਤੀ ਵਿਚ ਕਿਸੇ ਵੀ ਪਾੜ ਨੂੰ ਬੰਦ ਕਰਨ ਲਈ ਇੰਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਵਨੀਤ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਿਤ ਪੰਚਾਲ, ਐਸਡੀਐਮ ਸ੍ਰੀ ਅਕਾਸ਼ ਬਾਂਸਲ, ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ, ਤਹਿਸੀਲਦਾਰ ਸੁਖਦੇਵ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।