ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਸਦਕਾ ਮਰਨ ਵਰਤ ਤੇ ਬੈਠੇ ਕਿਸਾਨ ਨੇ ਖੋਲ੍ਹਿਆ ਵਰਤ
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਸਦਕਾ ਮਰਨ ਵਰਤ ਤੇ ਬੈਠੇ ਕਿਸਾਨ ਨੇ ਖੋਲ੍ਹਿਆ ਵਰਤ
- ਕਿਸਾਨ ਯੂਨੀਅਨ ਨੇ ਡੀਸੀ ਦਫਤਰ ਦੇ ਗੇਟ ਨੂੰ ਪੱਕੇ ਤੌਰ ਤੇ ਬੰਦ ਕਰਨ ਦੇ ਧਰਨੇ ਦੇ ਸੱਦੇ ਨੂੰ ਲਿਆ ਵਾਪਸ
- ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਰਕਟ ਹਾਊਸ ਵਿਖੇ ਕਿਸਾਨ ਯੂਨੀਅਨ ਦੇ ਨਾਲ ਹੋਈ ਬੈਠਕ
ਫਿਰੋਜ਼ਪੁਰ 22 ਅਕਤੂਬਰ 2024.....
ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ਦੇ ਚੱਲਦਿਆਂ ਮਰਨ ਵਰਤ ਤੇ ਬੈਠੇ ਕਿਸਾਨ ਦਾਰਾ ਸਿੰਘ ਦਾ ਨਾਰੀਅਲ ਪਾਣੀ ਪਿਲਾ ਕੇ ਮਰਨ ਵਰਤ ਨੂੰ ਖੁਲਵਾਇਆ ਗਿਆ।
ਆਬਾਦਕਾਰ ਕਿਸਾਨਾਂ ਵੱਲੋਂ ਭਾਕਿਯੂ ਏਕਤਾ ਸਿੱਧੂਪਰ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ 2 ਮਹੀਨਿਆਂ ਦੇ ਵੱਧ ਸਮੇਂ ਤੋਂ ਡੀਸੀ ਦਫਤਰ ਦੇ ਬਾਹਰ ਮੇਨ ਗੇਟ ਤੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ। ਇਸ ਦੇ ਮੱਦੇਨਜ਼਼ਰ ਅੱਜ ਸਰਕਟ ਹਾਊਸ ਵਿਖੇ (ਰਿਟਾ.) ਏ.ਡੀ.ਜੀ.ਪੀ ਇੰਟੈਲੀਜੈਂਸ ਜਸਕਰਨ ਸਿੰਘ ਦੀ ਅਗਵਾਈ ਵਿੱਚ ਡੀਆਈਜੀ ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸਰਮਾ, ਐੱਸ.ਐੱਸ.ਪੀ. ਸੋਮਿਆ ਮਿਸ਼ਰਾ ਵੱਲੋਂ ਯੂਨੀਅਨ ਦੇ ਨਾਲ ਬੈਠਕ ਕੀਤੀ ਗਈ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਤੇ ਵਿਚਾਰ ਵਿਚਾਰ ਚਰਚਾ ਕਰਨ ਉਪਰੰਤ ਮੰਗਾਂ ਤੇ ਹਾਂ ਪੱਖੀ ਹੁਲਾਰਾ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਦਾ ਹੱਲ ਕੱਢਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਮੰਗਾਂ ਦਾ ਹੱਲ ਕੱਢੇ ਜਾਣ ਦੀ ਗੱਲ ਤੇ ਹਾਮੀ ਭਰਦਿਆਂ ਯੂਨੀਅਨ ਵੱਲੋਂ ਇਹ ਕਿਹਾ ਗਿਆ ਕਿ ਸਾਰੀਆਂ ਮੰਗਾਂ ਨੂੰ ਲਿਖਤੀ ਤੌਰ ਤੇ ਮਿਲਣ ਉਪਰੰਤ ਡੀਸੀ ਦਫਤਰ ਬਾਹਰ ਦਿੱਤਾ ਗਿਆ ਧਰਨਾ ਖਤਮ ਕਰ ਦਿੱਤਾ ਜਾਵੇਗਾ।
ਯੂਨੀਅਨ ਦੇ ਆਗੂ ਨੇ ਕਿਹਾ ਕਿ ਫਿਲਹਾਲ ਡੀਸੀ ਦਫਤਰ ਦੇ ਗੇਟ ਨੂੰ ਪੱਕੇ ਤੌਰ ਤੇ ਬੰਦ ਕਰਨ ਦੇ 23 ਅਕਤੂਬਰ ਦੇ ਦਿੱਤੇ ਗਏ ਸੱਦੇ ਨੂੰ ਫਿਲਹਾਲ ਵਾਪਸ ਲੈ ਲਿਆ ਗਿਆ ਹੈ। ਇਸ ਦੌਰਾਨ ਤਹਿਸੀਲਦਾਰ ਰਜਿੰਦਰ ਸਿੰਘ ਵੱਲੋਂ ਮਰਨ ਵਰਤ ਤੇ ਬੈਠੇ ਕਿਸਾਨ ਦਾਰਾ ਸਿੰਘ ਨੂੰ ਨਾਰੀਅਲ ਪਾਣੀ ਪਿਲਾ ਕੇ ਵਰਤ ਨੂੰ ਖੁਲ੍ਹਵਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਦੀਪਸ਼ਿਖਾ ਸਰਮਾ ਵੱਲੋਂ ਆਪਣਾ ਅਹੁਦਾ ਸੰਭਾਲਣ ਉਪਰੰਤ ਹੀ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਯੂਨੀਅਨ ਨਾਲ ਮੰਗਾਂ ਸਬੰਧੀ ਲਗਾਤਾਰ ਬੈਠਕਾਂ ਕੀਤੀਆਂ ਗਈਆਂ। ਇਸ ਦੌਰਾਨ ਕਿਸਾਨ ਯੂਨੀਅਨ ਦੇ 2 ਆਗੂ ਆਪਣੀਆਂ ਮੰਗਾਂ ਨੂੰ ਲੈ ਕਿ ਡੀਸੀ ਦਫਤਰ ਦੇ ਬਾਹਰ ਮਰਨ ਵਰਤ ਤੇ ਬੈਠ ਗਏ ਸਨ।
ਇਨ੍ਹਾਂ ਵਿੱਚੋਂ ਇੱਕ ਕਿਸਾਨ ਦਾਰਾ ਸਿੰਘ ਦੀ ਹਾਲਤ ਖਰਾਬ ਹੋਣ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਨੇ ਕਿਸਾਨ ਨੂੰ ਇਲਾਜ ਦੇ ਲਈ ਪਹਿਲਾ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਅਤੇ ਇਸ ਉਪਰੰਤ ਏਮਜ਼ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾ ਕੇ ਇਲਾਜ ਕਰਵਾਇਆ ਗਿਆ। ਸਿਹਤ ਵਿੱਚ ਸੁਧਾਰ ਹੋਣ ਉਪਰੰਤ ਕਿਸਾਨ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਜੇਰੇ ਇਲਾਜ ਲਈ ਰੱਖਿਆ ਗਿਆ ਹੈ।
ਇੱਧਰ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਦੀਆਂ ਹੋਰਨਾਂ ਮੰਗਾਂ ਨੂੰ ਲੈ ਕੇ ਹਾਇਰ ਅਥਾਰਟੀ ਤੱਕ ਵੀ ਆਪਣੀ ਗੱਲ ਰੱਖੀ ਅਤੇ ਅੱਜ ਸਰਕਟ ਹਾਊਸ ਵਿਖੇ ਕਿਸਾਨ ਯੂਨੀਅਨ ਦੇ ਅਹੁੱਦੇਦਾਦਾਂ ਨਾਲ (ਰਿਟਾ.) ਏ.ਡੀ.ਜੀ.ਪੀ ਇੰਟੈਲੀਜੈਂਸ ਜਸਕਰਨ ਸਿੰਘ ਦੀ ਅਗਵਾਈ ਹੇਠ ਆਬਾਦਕਾਰ ਕਿਸਾਨ ਯੂਨੀਅਨ ਨਾਲ ਬੈਠਕ ਕਰਵਾ ਕੇ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ ਯੂਨੀਅਨ ਦੇ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਮੰਗਾਂ ਦਾ ਹੱਲ ਕੱਢ ਲਿਆ ਗਿਆ ਹੈ ਅਤੇ ਇਨ੍ਹਾਂ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਯੂਨੀਅਨ ਦੇ ਕਿਸਾਨ ਦਾਰਾ ਸਿੰਘ ਨੂੰ ਤਹਿਸੀਲਦਾਰ ਰਜਿੰਦਰ ਸਿੰਘ ਵੱਲੋਂ ਨਾਰੀਅਲ ਪਾਣੀ ਪਿਲਾ ਕੇ ਮਰਨ ਵਰਤ ਖੁਲਵਾਇਆ ਗਿਆ।
ਇਸ ਦੌਰਾਨ ਸੂਬਾ ਜਨ. ਸਕੱਤਰ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਯੂਨੀਅਨ (ਬੀਕੇਯੂ) ਕਾਕਾ ਸਿੰਘ ਕੋਟਲਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੈਠਕ ਕਰਨ ਉਪਰੰਤ ਫਿਲਹਾਲ ਕੱਲ੍ਹ 23 ਅਕਤੂਬਰ ਨੂੰ ਡੀ.ਸੀ ਦਫਤਰਾਂ ਦੇ ਗੇਟ ਪੱਕੇ ਤੌਰ ਤੇ ਬੰਦ ਕਰਨ ਦਾ ਧਰਨਾ ਵਾਪਸ ਲੈ ਲਿਆ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਖਤੀ ਵਿੱਚ ਮੰਗਾਂ ਮੰਨਣ ਉਪਰੰਤ ਧਰਨਾ ਪੂਰੀ ਤਰ੍ਹਾਂ ਨਾਲ ਵਾਪਸ ਲਿਆ ਜਾਵੇਗਾ।
ਇਸ ਮੌਕੇ ਏ.ਆਈ.ਜੀ ਫਿਰੋਜ਼ਪੁਰ ਜੋਨਲ ਹਰਿੰਦਰਪਾਲ ਸਿੰਘ, ਬਲਾਕ ਪ੍ਰਧਾਨ ਮਮਦੋਟ ਗੁਰਸੇਵਕ ਸਿੰਘ, ਅਭਿਮਨਯੂ ਸਿੰਘ ਕੁਹਾੜ, ਬੋਹੜ ਸਿੰਘ ਰੁਪਈਆ ਵਾਲਾ, ਇਕਬਾਲ ਸਿੰਘ ਸੱਪਾਂਵਾਲੀ ਵੀ ਹਾਜ਼ਰ ਸਨ।