“ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ, ਨਸ਼ਾ ਛੱਡਣ ਦੇ ਚਾਹਵਾਨ ਲੋਕਾਂ ਨੂੰ ਕਰਵਾਇਆ ਜਾ ਰਿਹਾ ਹੈ ਯੋਗਾ : ਡਿਪਟੀ ਕਮਿਸ਼ਨਰ



ਬਠਿੰਡਾ, 16 ਅਪ੍ਰੈਲ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਤਹਿਤ ਜਿੱਥੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਉੱਥੇ ਹੀ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਇਸ ਭੈੜੀ ਲਤ ਵਿੱਚੋਂ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ “ਸੀ.ਐਮ ਦੀ ਯੋਗਸ਼ਾਲਾ” ਤਹਿਤ ਵੱਖ-ਵੱਖ ਡੀਟੌਕਸੀਫਿਕੇਸ਼ਨ ਸੈਂਟਰਾਂ ਵਿੱਚ ਯੋਗਾ ਕਲਾਸਾਂ ਰਾਹੀਂ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਚਾਹਵਾਨ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿੱਚ ਸਥਿਤ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿੱਚ “ਸੀ.ਐਮ ਦੀ ਯੋਗਸ਼ਾਲਾ” ਅਧੀਨ ਯੋਗਾ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿੱਚ ਆਮ ਲੋਕਾਂ ਨੂੰ ਨਸ਼ਾ ਛੱਡਣ ਉਪਰੰਤ ਆਮ ਜ਼ਿੰਦਗੀ ਜਿਉਣ ਲਈ ਸਵੇਰੇ ਅਤੇ ਸ਼ਾਮ ਯੋਗਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਯੋਗਾ ਅਤੇ ਧਿਆਨ ਵੀ ਸਿਖਾਇਆ ਜਾ ਰਿਹਾ ਹੈ।
“ਸੀ.ਐਮ ਦੀ ਯੋਗਸ਼ਾਲਾ” ਦੇ ਜ਼ਿਲ੍ਹਾ ਕੋਆਰਡੀਨੇਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿਖੇ ਸਥਿਤ ਨਸ਼ਾ ਛੁਡਾਊ ਕੇਂਦਰ ਵਿਖੇ ਸ਼ੁਰੂ ਕੀਤੀਆਂ ਗਈਆਂ ਯੋਗਾ ਕਲਾਸਾਂ ਵਿੱਚ ਯੋਗਾ ਟ੍ਰੇਨਰ ਹਰਸ਼ ਸ਼ਰਮਾ ਹਰ ਸਵੇਰ ਅਤੇ ਸ਼ਾਮ ਲਗਭਗ 50 ਲੋਕਾਂ ਨੂੰ ਯੋਗਾ ਅਤੇ ਧਿਆਨ ਸਿਖਾ ਰਹੇ ਹਨ। ਇਸ ਵਿੱਚ ਮਰੀਜ਼ ਨੂੰ ਆਰਾਮ, ਧਿਆਨ, ਸੂਖਮ ਕਸਰਤ, ਹੱਸਣਾ, ਤਾੜੀ ਵਜਾਉਣਾ, ਯੋਗ ਆਸਣ, ਪ੍ਰਾਣਾਯਾਮ ਕਰਵਾ ਕੇ ਉਸਨੂੰ ਸਿਹਤਮੰਦ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਨਸ਼ੇ ਤੋਂ ਛੁਟਕਾਰਾ ਪਾਉਣ ਦੇ ਚਾਹਵਾਨ ਲੋਕ ਇਸ ਕੈਂਪ ਵਿੱਚ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਅਤੇ ਇੱਕ ਆਮ ਜੀਵਨ ਜਿਉਣ ਵੱਲ ਕਦਮ ਵਧਾ ਰਹੇ ਹਨ।