ਅੰਮ੍ਰਿਤਸਰ ਵਿਕਾਸ ਅਥਾਰਟੀ, ਪੁੱਡਾ ਨੇ ਅਣ-ਅਧਿਕਾਰਤ ਉਸਾਰੀਆਂ ਵਿਰੁੱਧ ਚੁੱਕੇ ਸਖ਼ਤ ਕਦਮ, ਮੈਟਰੋ ਸਿਟੀ ਵਿਖੇ ਚਲ ਰਹੀ ਅਣ-ਅਧਿਕਾਰਤ ਉਸਾਰੀ ਨੂੰ ਢਾਹਿਆ
ਅੰਮ੍ਰਿਤਸਰ ਵਿਕਾਸ ਅਥਾਰਟੀ, ਪੁੱਡਾ ਨੇ ਅਣ-ਅਧਿਕਾਰਤ ਉਸਾਰੀਆਂ ਵਿਰੁੱਧ ਚੁੱਕੇ ਸਖ਼ਤ ਕਦਮ, ਮੈਟਰੋ ਸਿਟੀ ਵਿਖੇ ਚਲ ਰਹੀ ਅਣ-ਅਧਿਕਾਰਤ ਉਸਾਰੀ ਨੂੰ ਢਾਹਿਆ
ਅੰਮ੍ਰਿਤਸਰ 13 ਨਵੰਬਰ 2024--
ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਏਡੀਏ ਦੇ ਮੁੱਖ ਪ੍ਰਸ਼ਾਸਕ ਅੰਕੁਰਜੀਤ ਸਿੰਘ, ਆਈ.ਏ.ਐਸ ਅਤੇ ਵਧੀਕ ਮੁੱਖ ਪ੍ਰਸ਼ਾਸਕ ਮੇਜਰ ਅਮਿਤ ਸਰੀਨ, ਪੀ.ਸੀ.ਐਸ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲਾ ਟਾਊਨ ਪਲਾਨਰ (ਰੈਗੂਲੇਟਰੀ) ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਏਡੀਏ ਦੇ ਰੈਗੂਲੇਟਰੀ ਵਿੰਗ ਵੱਲੋਂ ਥਾਣਾ ਛੇਹਰਟਾ ਦੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਰਾਮਤੀਰਥ ਰੋਡ ਉਪਰ ਪਿੰਡ ਕਾਲਾ ਘਨੁੰਪੁਰ ਵਿਖੇ ਪੈਂਦੀ ਮੈਟਰੋ ਸਿਟੀ ਕਲੋਨੀ ਦੇ ਅੰਦਰ ਬਣ ਰਹੀ ਅਣ-ਅਧਿਕਾਰਤ ਉਸਾਰੀ ਵਿਰੁੱਧ ਕਾਰਵਾਈ ਕਰਦੇ ਹੋਏ ਉਸਾਰੀ ਨੂੰ ਢਾਹ ਦਿੱਤਾ ਗਿਆ।
ਜ਼ਿਲਾ ਟਾਊਨ ਪਲਾਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਉਸਾਰੀ ਸਬੰਧੀ ਮੈਟਰੋ ਸਿਟੀ ਕਲੋਨੀ ਨਿਵਾਸੀਆਂ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਕੁੱਝ ਲੋਕਲ ਬਿਲਡਰਾਂ/ਵਿਅਕਤੀਆਂ ਵੱਲੋਂ ਗੈਰ-ਕੰਨੂਨੀ ਤਰੀਕੇ ਦੇ ਨਾਲ ਪਹਿਲਾਂ ਤੋ ਕੱਟੋ ਹੋਏ ਪਲਾਟਾਂ ਨੂੰ ਆਪਣੀ ਮਰਜੀ ਦੇ ਨਾਲ ਉਸਨੂੰ ਦੋ ਤੋਂ ਤਿੰਨ ਹਿੱਸੇ ਵਿੱਚ ਕੱਟ ਕੇ ਉਸ ਉੱਪਰ ਮਕਾਨ ਬਣਾ ਕੇ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਕਤ ਬਿਲਡਿੰਗ ਦੇ ਮਾਲਕ ਕੋਲ ਉਕਤ ਪਲਾਟ ਸਬੰਧੀ ਕੋਈ ਐਨ.ਓ.ਸੀ ਅਤੇ ਬਿਲਡਿੰਗ ਦਾ ਨਕਸ਼ਾ ਮੌਜੂਦ ਨਹੀਂ ਹੈ। ਕਲੋਨੀ ਨਿਵਾਸੀਆਂ ਵੱਲੋਂ ਇਸ ਗੈਰ ਕਾਨੂੰਨੀ ਉਸਾਰੀ ਨੂੰ ਜਲਦ ਤੋ ਜਲਦ ਰੁਕਵਾਉਣ ਅਤੇ ਨਜਾਇਜ ਚਲ ਰਹੀ ਉਸਾਰੀ ਨੂੰ ਤੁੜਵਾਉਣ ਲਈ ਬੇਨਤੀ ਕੀਤੀ ਗਈ ਸੀ। ਉਕਤ ਸ਼ਿਕਾਇਤ ਦੇ ਅਧਾਰ ਤੇ ਸਬੰਧਤ ਉਸਾਰੀਕਰਤਾ ਨੂੰ ਰੈਗੁਲੇਟਰੀ ਵਿੰਗ ਵੱਲੋ ਵਾਰ-ਵਾਰ ਰੋਕਣ ਉਪਰੰਤ ਨੋਟਿਸ ਜਾਰੀ ਕਰਦੇ ਹੋਏ ਮੌਕੇ ਤੇ ਕੰਮ ਨੂੰ ਬੰਦ ਕਰਨ ਅਤੇ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਦੇਣ ਲਈ ਲਿਖਿਆ ਗਿਆ ਸੀ, ਪਰੰਤੂ ਉਸਾਰੀਕਰਤਾ ਵੱਲੋਂ ਉਕਤ ਅਣ-ਅਧਿਕਾਰਤ ਉਸਾਰੀ ਸਬੰਧੀ ਸਪੱਸ਼ਟੀਕਰਨ ਦੇਣ ਦੀ ਬਜਾਏ ਨੋਟਿਸ ਦੀ ਉਲੰਘਣਾ ਕਰਦੇ ਹੋਏ ਮੌਕੇ ਤੇ ਉਸਾਰੀ ਦੇ ਕੰਮ ਨੂੰ ਚਾਲੂ ਰੱਖਿਆ ਗਿਆ ਜਿਸ ਕਰਕੇ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਡੈਮੋਲੀਸ਼ਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਜਿਲ੍ਹਾ ਟਾਉਨ ਪਲੈਨਰ (ਰੈਗੂਲੇਟਰੀ), ਅੰਮ੍ਰਿਤਸਰ ਨੇ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਵੀ ਜਗ੍ਹਾ ਉੱਪਰ ਕੋਈ ਵੀ ਉਸਾਰੀ ਕਰਨ ਤੋਂ ਪਹਿਲਾਂ ਏਡੀਏ, ਪੁੱਡਾ ਦੇ ਸਮਰੱਥ ਅਧਿਕਾਰੀ ਪਾਸੋਂ ਉਸ ਉਸਾਰੀ ਸਬੰਧੀ ਪ੍ਰਵਾਨਗੀ ਜਰੂਰ ਪ੍ਰਾਪਤ ਕੀਤੀ ਜਾਵੇ ਤਾਂ ਜੋ ਉਹਨਾ ਨੂੰ ਕਿਸੇ ਵੀ ਕਿਸਮ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।