ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਨੀਤੀ ਕਾਰਨ ਪੰਜਾਬ ਦੀ ਕਿਸਾਨੀ ਦਾ ਹੋ ਰਿਹਾ ਹੈ ਵੱਡਾ ਨੁਕਸਾਨ - ਈਟੀਓ
ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਨੀਤੀ ਕਾਰਨ ਪੰਜਾਬ ਦੀ ਕਿਸਾਨੀ ਦਾ ਹੋ ਰਿਹਾ ਹੈ ਵੱਡਾ ਨੁਕਸਾਨ - ਈਟੀਓ
ਕੈਬਨਿਟ ਮੰਤਰੀ ਨੇ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਮੰਡੀਆਂ ਵਿੱਚ ਦਿੱਤੀ ਦਸਤਕ
ਅੰਮ੍ਰਿਤਸਰ 22 ਅਕਤੂਬਰ, 2024--
ਜਿਲ੍ਹੇ ਵਿੱਚ ਝੋਨੇ ਦੀ ਖਰੀਦ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਪਹੁੰਚੇ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈਟੀਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦੀ ਖਰੀਦ ਵਿੱਚ ਹੋ ਰਹੀ ਦੇਰੀ ਅਤੇ ਕਿਸਾਨ ਦੀ ਖੱਜਲ ਖੁਵਾਰੀ ਲਈ ਸਿੱਧੇ ਤੌਰ ਉੱਤੇ ਕੇਂਦਰ ਦੀ ਭਾਜਪਾ ਸਰਕਾਰ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਪੰਜਾਬ ਨੂੰ ਨਫ਼ਰਤ ਕਰਦੀ ਹੈ ਅਤੇ ਉਹ ਜਾਣਬੁੱਝ ਕੇ ਪੰਜਾਬ ਦੀ ਕਿਰਸਾਨੀ ਅਤੇ ਪੰਜਾਬ ਦੀ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੇ ਹਨ।
ਸਰਦਾਰ ਹਰਭਜਨ ਸਿੰਘ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਨੇ ਜਿਸ ਘੱਟੋ ਘੱਟ ਸਮਰਥਨ ਮੁੱਲ ਦੀ ਬਹਾਲੀ ਲਈ ਲੰਮਾ ਸੰਘਰਸ਼ ਲੜਿਆ ਹੈ, ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਦੀ ਗੱਲ ਤਾਂ ਦੂਰ, ਹੁਣ ਉਹ ਜਾਣਬੁੱਝ ਕੇ ਮਿੱਥੇ ਸਮੇਂ 'ਤੇ ਫ਼ਸਲ ਨੂੰ ਨਹੀਂ ਚੁੱਕ ਰਹੇ, ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਦੇ ਹਰ ਵਰਗ ਦੀ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਲਗਾਤਾਰ ਪੱਤਰ ਲਿਖੇ, ਮੁੱਖ ਮੰਤਰੀ ਖੁਦ ਉਨ੍ਹਾਂ ਨੂੰ ਮਿਲਣ ਗਏ ਪਰ ਇਸ ਦੇ ਬਾਵਜੂਦ ਉਹ ਆਪਣੀ ਰਾਜਨੀਤੀ ਕਰਨ ਲਈ ਪੰਜਾਬ ਦੇ ਗੋਦਾਮ ਖਾਲੀ ਨਹੀਂ ਕਰਵਾ ਰਹੇ, ਜਿਸ ਕਾਰਨ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਨੇ ਇਹ ਅੰਨ ਦੇਸ਼ ਦੇ ਲੋਕਾਂ ਲਈ ਪੈਦਾ ਕੀਤਾ ਹੈ ਅਤੇ ਇਸ ਅੰਨਦਾਤੇ ਦੀ ਗੱਲ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਚੁੱਪ ਹਨ, ਪਰ ਪੰਜਾਬ ਨਾਲ ਹੋ ਰਹੇ ਇਸ ਅੱਤਿਆਚਾਰ ਦਾ ਜਵਾਬ ਜਨਤਾ ਦੇਵੇਗੀ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇੰਨੇ ਸੂਝਵਾਨ ਹਨ ਅਤੇ ਉਨ੍ਹਾਂ ਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਭਾਜਪਾ ਕਿਸ ਤਰ੍ਹਾਂ ਉਨ੍ਹਾਂ ਦੀਆਂ ਫ਼ਸਲਾਂ ਨੂੰ ਖਰਾਬ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੀ ਕਿਰਸਾਨੀ ਨੂੰ ਕੋਈ ਆਰਥਿਕ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਖਮਿਆਜਾ ਕੇਵਲ ਕਿਸਾਨ ਨੂੰ ਹੀ ਨਹੀਂ ਬਲਕਿ ਦੇਸ਼ ਦੀ ਜਨਤਾ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਵੀ ਭੁਗਤਣਾ ਪਵੇਗਾ।
ਇਸ ਮੌਕੇ ਐਸ.ਡੀ.ਐਮ. ਸ: ਗੁਰਸਿਮਰਨ ਸਿੰਘ, ਚੇਅਰਮੈਨ ਛਨਾਖ ਸਿੰਘ, ਜਿਲ੍ਹਾ ਮੰਡੀ ਅਫ਼ਸਰ ਅਮਨਦੀਪ ਸਿੰਘ, ਜਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਸ: ਸਰਤਾਜ ਸਿੰਘ, ਸਰਪੰਚ ਸ: ਸੁਖਦੇਵ ਸਿੰਘ, ਮੰਡੀ ਬੋਰਡ ਦੇ ਪ੍ਰਧਾਨ ਸ: ਸੁਖਦੇਵ ਸਿੰਘ ਕੰਗ, ਸਰਪੰਚ ਦਵਿੰਦਰ ਮੰਨੂ, ਸ: ਸੁਰਿੰਦਰ ਸਿੰਘ ਵੀ ਹਾਜ਼ਰ ਸਨ।