ਚੀਨੀ ਡੋਰ ਨੂੰ ਰਿਵਾਇਤੀ ਡੋਰ ਨਾਲ ਬਦਲਣ ਲਈ ਪ੍ਰਸ਼ਾਸਨ ਨੇ ਖੋਲਿਆ ਵਿਸ਼ੇਸ਼ ਕਾਊਂਟਰ
ਚੀਨੀ ਡੋਰ ਨੂੰ ਰਿਵਾਇਤੀ ਡੋਰ ਨਾਲ ਬਦਲਣ ਲਈ ਪ੍ਰਸ਼ਾਸਨ ਨੇ ਖੋਲਿਆ ਵਿਸ਼ੇਸ਼ ਕਾਊਂਟਰ
11 ਜਨਵਰੀ ਤੱਕ ਆਪਣੀ ਚਾਈਨਾ ਡੋਰ ਲਿਆਓ ਤੇ ਧਾਗੇ ਦੀ ਡੋਰ ਮੁਫ਼ਤ ਪਾਓ – ਡਿਪਟੀ ਕਮਿਸ਼ਨਰ
ਮਨੁੱਖਤਾ ਦੇ ਭਲੇ ਲਈ ਚਾਇਨਾ ਡੋਰ ਦਾ ਕਰੋ ਮੁਕੰਮਲ ਬਾਈਕਾਟ – ਵਿਧਾਇਕ ਰਮਦਾਸ
ਚਾਇਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਦੇ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ – ਪੁਲਿਸ ਕਮਿਸ਼ਨਰ
ਡਰੋਨਾਂ ਰਾਹੀਂ ਵੀ ਰੱਖੀ ਜਾ ਰਹੀ ਹੈ ਨਜ਼ਰ
ਅੰਮ੍ਰਿਤਸਰ 8 ਜਨਵਰੀ 2025—
ਜਿਲ੍ਹਾ ਪ੍ਰਸ਼ਾਸ਼ਨ ਨੇ ਇਕ ਹੋਰ ਨਿਵੇਕਲੀ ਪਹਿਲ ਕਰਦਿਆਂ ਹੋਇਆ ਵਿਸ਼ੇਸ਼ ਕਾਊਂਟਰ ਖੋਲਿਆ ਹੈ ਜਿੱਥੇ ਚੀਨੀ ਡੋਰ ਦੇਖ ਕੇ ਰਵਾਇਤੀ ਧਾਗੇ ਵਾਲੀ ਡੋਰ ਮੁਫਤ ਵਿੱਚ ਬਦਲੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਸ ਮੌਕੇ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 11 ਜਨਵਰੀ ਤੱਕ ਆਪਣੀ ਚਾਇਨਾ ਦੀ ਡੋਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਮ੍ਹਾ ਕਰਵਾ ਕੇ ਰਵਾਇਤੀ ਧਾਗੇ ਦੀ ਡੋਰ ਮੁਫ਼ਤ ਪ੍ਰਾਪਤ ਕਰ ਸਕਦੇ ਹਨ ਅਤੇ ਉਨਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ।
ਇਸ ਸਬੰਧ ਵਿੱਚ ਅੱਜ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਇਹ ਮੁਹਿੰਮ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਚਾਇਨਾ ਡੋਰ ਕਾਫ਼ੀ ਖ਼ਤਰਨਾਕ ਡੋਰ ਹੈ ਜਿਸਨੂੰ ਕਿ ਕਿਲਰ ਡੋਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨਾਂ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੇ ਵੀ ਲੋਕ ਡੋਰ ਵੇਚ ਰਹੇ ਹਨ ਜਾਂ ਇਸਦਾ ਪ੍ਰਯੋਗ ਕਰ ਰਹੇ ਹਨ ਉਨਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਵੀ ਚਾਇਨਾ ਡੋਰ ਤੇ ਮੁਕੰਮਲ ਪਾਬੰਦੀ ਲਗਾਈ ਹੈ। ਉਨਾਂ ਦੱਸਿਆ ਕਿ ਇਸ ਡੋਰ ਨਾਲ ਜਿੱਥੇ ਮਨੁੱਖੀ ਜਾਨਾਂ ਨੂੰ ਖ਼ਤਰਾ ਹੈ ਉਥੇ ਬੇਜੁਬਾਨ ਜਾਨਵਰ ਵੀ ਇਸਦੀ ਲਪੇਟ ਵਿੱਚ ਆ ਕੇ ਬੇਮੌਤ ਮਾਰੇ ਜਾਂਦੇ ਹਨ। ਉਨਾਂ ਕਿਹਾ ਕਿ ਚਾਇਨਾ ਡੋਰ ਦੇ ਭੰਡਾਰ ਕਰਨ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਨੂੰ 25 ਹਜ਼ਾਰ ਰੁਪਏ ਤੱਕ ਇਨਾਮ ਵੀ ਦਿੱਤਾ ਜਾਵੇਗਾ ਅਤੇ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਟੋਲ ਫ੍ਰੀ ਨੰਬਰ 1800-180-2810 ਤੇ ਦਿੱਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਨਾਇਲਾਨ, ਪਲਾਸਟਿਕ ਜਾਂ ਚੀਨੀ ਡੋਰ ਜਾਂ ਕਿਸੇ ਹੋਰ ਸੰਥੈਟਿਕ ਡੋਰ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ ਜਾਂ ਕਿਸੇ ਹੋਰ ਤਿੱਖੇ ਸਮੱਗਰੀ ਨਾਲ ਤਿੱਖਾ ਕੀਤਾ ਧਾਗਾ ਦੀ ਨਿਰਮਾਣ ਵਿਕਰੀ, ਸਟੋਰੇਜ, ਖਰੀਦ ਸਪਲਾਈ ਤੇ ਪੂਰਨ ਪਾਬੰਦੀ ਹੈ ਅਤੇ ਜੇਕਰ ਕੋਈ ਇਸਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ 5 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜੋ ਕਿ ਇਕ ਲੱਖ ਰੁਪਏ ਤੱਕ ਵਧਾਇਆ ਜਾ ਸਕਦਾ ਹੈ ਜਾਂ ਦੋਵੇਂ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿੱਚ ਹਾਟ ਸਪਾਟ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ, ਜਿਥੇ ਲਗਾਤਾਰ ਨਜ਼ਰ ਰੱਖੀ ਜਾਵੇਗੀ।
ਇਸ ਮੌਕੇ ਹਲਕਾ ਅਟਾਰੀ ਦੇ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਚਾਇਨਾ ਡੋਰ ਦਾ ਮੁਕੰਮਲ ਬਾਇਕਾਟ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਖੁਦ ਅੱਗੇ ਆਈਏ ਅਤੇ ਖੁਦ ਇਸ ਡੋਰ ਦਾ ਖਾਤਮਾ ਕਰੀਏ।
ਇਸ ਮੌਕੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਚਾਇਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਦੱਸਿਆ ਕਿ ਪੁਲਿਸ ਵਲੋਂ ਸਰਵੀਲੈਂਸ ਡਰੋਨਾਂ ਰਾਹੀਂ ਚਾਇਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ। ਸ: ਭੁੱਲਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚਾਇਨਾ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ। ਉਨਾਂ ਕਿਹਾ ਕਿ ਅਸੀਂ ਲੋਹੜੀ ਦਾ ਤਿਓਹਾਰ ਖੁਸ਼ੀਆਂ ਲਈ ਮਨਾਉਂਦੇ ਹਾਂ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਮਾਰੂ ਡੋਰ ਦਾ ਪ੍ਰਯੋਗ ਕਰਕੇ ਦੂਜਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਨਾ ਪਾਈਏ। ਉਨਾਂ ਕਿਹਾ ਕਿ ਅਧਿਆਪਕਾਂ /ਡਾਕਟਰਾਂ ਅਤੇ ਮਾਪਿਆਂ ਨੂੰ ਇਸ ਕੰਮ ਲਈ ਅੱਗੇ ਆਉਣਾ ਪਵੇਗਾ। ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਗਰੀਨ ਦਿਵਾਲੀ ਬਾਰੇ ਜਾਗਰੂਕ ਕਰ ਰਹੇ ਹਾਂ, ਉਸੇ ਤਰ੍ਹਾਂ ਇਸ ਕਿਲਰ ਡੋਰ ਬਾਰੇ ਵੀ ਜਾਗਰੂਕ ਕਰੀਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅੱਜ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪੁਲਿਸ ਪ੍ਰਸ਼ਾਸ਼ਨ ਨੂੰ 4 ਹੋਰ ਡਰੋਨ ਮੁਹੱਈਆ ਕਰਵਾਏ ਗਏ ਹਨ। ਜਿਸ ਨਾਲ ਹੋਰ ਵਧੇਰੇ ਖੇਤਰ ਦੀ ਚੌਕਸੀ ਕੀਤੀ ਜਾ ਸਕੇਗੀ।
ਐਸ.ਐਸ.ਪੀ. ਦਿਹਾਤੀ ਸ: ਚਰਨਜੀਤ ਸਿੰਘ ਦੱਸਿਆ ਕਿ ਦਿਹਾਤੀ ਪੁਲਿਸ ਵਲੋਂ ਪਿੰਡ ਪੱਧਰ ਤੱਕ ਲੋਕਾਂ ਨੂੰ ਇਸ ਭਿਆਨਕ ਡੋਰ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਚਾਇਨਾ ਡੋਰ ਦੀ ਵਰਤੋਂ ਕਰਨ ਵਾਲੇ ਜਾਂ ਵੇਚਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤ ਜਾਵੇਗੀ। ਉਨਾਂ ਦੱਸਿਆ ਕਿ ਇਸ ਕੰਮ ਲਈ ਪਿੰਡ ਪੱਧਰ ਤੱਕ ਵੀ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਸ ਮੌਕੇ ਵੱਖ-ਵੱਖ ਲੋਕਾਂ ਵਲੋਂ ਚਾਇਨਾ ਡੋਰ ਦੇ ਕੇ ਮੁਫ਼ਤ ਧਾਗੇ ਦੀ ਡੋਰ ਵੀ ਪ੍ਰਾਪਤ ਕੀਤੀ ਗਈ। ਇਸ ਮੌਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਰੋਨਾਂ ਦਾ ਡੈਮੋ ਵੀ ਪੇਸ਼ ਕੀਤਾ ਗਿਆ। ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਗੁਰਸਿਮਰਨਜੀਤ ਕੌਰ, ਜਿਲ੍ਹਾ ਸਮਾਜਿਕ ਤੇ ਨਿਆਂ ਅਧਿਕਾਰਤਾ ਅਫ਼ਸਰ ਸ੍ਰੀ ਪੱਲਵ ਸ੍ਰੇਸ਼ਠਾ, ਕਾਰਜਕਾਰੀ ਸਕੱਤਰ ਰੈਡ ਕਰਾਸ ਸ੍ਰੀ ਸੈਮਸਨ ਮਸੀਹ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।