ਜਿਲ੍ਹਾ ਪ੍ਰਸ਼ਾਸਨ ਨੇ 120 ਨਵਜੰਮੀਆਂ ਲੜਕੀਆਂ ਦੀ ਮਨਾਈ ਲੋਹੜੀ
ਜਿਲ੍ਹਾ ਪ੍ਰਸ਼ਾਸਨ ਨੇ 120 ਨਵਜੰਮੀਆਂ ਲੜਕੀਆਂ ਦੀ ਮਨਾਈ ਲੋਹੜੀ
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਹਾਸਿਲ ਕਰਨ ਵਾਲੀਆਂ 15 ਲੜਕੀਆਂ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ 8 ਜਨਵਰੀ 2025—
ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਵਿਸ਼ੇਸ਼ ਸੱਦੇ ਉੱਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਮਾਲ ਰੋਡ ਸਥਿਤ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਵਿਖੇ ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਔਰਤਾਂ ਦੀ ਸਿਹਤ, ਸਫ਼ਾਈ ਅਤੇ ਜਾਗਰੂਕਤਾ ਸਬੰਧੀ ਕੈਂਪ ਦੇ ਨਾਲ-ਨਾਲ ਰੋਜ਼ਗਾਰ ਤੇ ਹੁਨਰ ਵਿਕਾਸ ਲਈ ਵਿਸ਼ੇਸ਼ ਕੈਂਪ ਵੀ ਲਗਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਹੀ ਸਹੀ ਅਰਥਾਂ ਵਿੱਚ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਲੜਕੇ-ਲੜਕੀ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ ਸਗੋਂ ਧੀਆਂ ਦੀ ਲੋਹੜੀ ਵੀ ਹਰ ਸਾਲ ਮਨਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਹੋਰ ਬੁਲੰਦ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਬੱਚੀਆਂ ਨੂੰ ਚੰਗੀ ਸਿਹਤ ਦੇ ਨਾਲ ਨਾਲ ਚੰਗੀ ਸਿੱਖਿਆ ਦੇਣਾ ਹਰ ਮਾ-ਬਾਪ ਦਾ ਫਰਜ਼ ਬਣਦਾ ਹੈ। ਉਨਾਂ ਕਿਹਾ ਕਿ ਅੱਜ ਸਾਨੂੰ ਮਹਿਲਾ ਸ਼ਸ਼ਕਤੀਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਅੱਜ ਦਾ ਖੇਤਰ ਚਾਹੇ ਕੋਈ ਵੀ ਕਿਉਂ ਨਾ ਹੋਵੇ ਲੜਕੀਆਂ ਹਰ ਖੇਤਰ ਵਿੱਚ ਉਡਾਰੀ ਮਾਰ ਰਹੀਆਂ ਹਨ।
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਸਹਿਯੋਗ ਨਾਲ 120 ਨਵ ਜੰਮੀਆਂ ਲੜਕੀਆਂ ਦੀ ਲੋਹੜੀ ਮਨਾਉਂਦੇ ਹੋਏ ਭੁੱਗਾ ਬਾਲ੍ਹਿਆ ਗਿਆ। ਡਿਪਟੀ ਕਮਿਸ਼ਨਰ ਨੇ ਬੱਚੀਆਂ ਨਾਲ ਆਪ ਬੋਲੀਆਂ ਪਾ ਕੇ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਨਵ ਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਕੰਬਲ ਅਤੇ ਲੋਹੜੀ ਨਾਲ ਸਬੰਧਤ ਰਵਾਇਤੀ ਸਾਮਾਨ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਵੱਖ-ਵੱਖ ਖੇਤਰਾਂ ਵਿੱਚ ਉਪਲੱਭਧੀਆਂ ਹਾਸਿਲ ਕਰਨ ਵਾਲੀਆਂ 15 ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚੋੱ 5 ਮਹਿਲਾਵਾਂ ਪਿੰਕ ਆਟੋ ਚਾਲਕ ਵੀ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਯਤਨਾਂ ਸਦਕਾਂ ਪਹਿਲਾਂ ਦੇ ਮੁਕਾਬਲੇ ਲੜਕੀਆਂ ਦੇ ਅਨੁਪਾਤ ਵਿੱਚ ਵਾਧਾ ਹੋਇਆ ਹੈ। ਉਨਾਂ ਦੱਸਿਆ ਕਿ ਸਾਨੂੰ ਸਮਾਜ ਵਿਚੋਂ ਦਹੇਜ਼ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨਾ ਚਾਹੀਦਾ ਹੈ ਅਤੇ ਲੜਕਿਆਂ ਨੂੰ ਵੀ ਲੜਕੀਆਂ ਦੀ ਇਜ਼ਤ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਇਕ ਚੰਗੇ ਸਾਮਾਜ ਦੀ ਸਿਰਜਨਾ ਕੀਤੀ ਜਾ ਸਕੇ।
ਇਸ ਮੌਕੇ ਸਿਹਤ ਵਿਭਾਗ ਵਲੋਂ ਔਰਤਾਂ ਨਾਲ ਸਬੰਧਤ ਵੱਖ-ਵੱਖ ਪ੍ਰਕਾਰ ਦੇ ਕੈਂਸਰ ਲਈ ਔਰਤਾਂ ਦਾ ਚੈਕਅੱਪ ਕੀਤਾ ਗਿਆ ਅਤੇ ਮਹਿਲਾਵਾਂ ਨੂੰ ਕੈਂਸਰ ਦੇ ਲੱਛਣਾ ਬਾਰੇ ਜਾਗਰੂਕ ਵੀ ਕੀਤਾ ਗਿਆ। ਸਿਹਤ ਵਿਭਾਗ ਵਲੋਂ ਪੋਸਟਿਕ ਆਹਾਰ ਲੈਣ ਦੇ ਨਾਲ ਨਾਲ ਮਹਿਲਾਵਾਂ ਨੂੰ ਕੈਂਸਰ ਦੀ ਰੋਕਥਾਮ ਅਤੇ ਨੀਂਦ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ ਅਤੇ ਮਹਿਲਾਵਾਂ ਦੇ ਖੂਨ ਦੇ ਟੈਸਟ ਵੀ ਕੀਤੇ ਗਏ। ਇਸ ਕੈਂਪ ਵਿੱਚ ਲਗਭਗ ਇਕ ਹਜ਼ਾਰ ਔਰਤਾਂ ਦਾ ਚੈਕਅਪ ਕੀਤਾ ਗਿਆ।
ਇਸ ਸਮਾਗਮ ਮੌਕੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਅੰਮ੍ਰਿਤਸਰ ਵਲੋਂ ਰੋਜ਼ਗਾਰ ਅਤੇ ਹੁਨਰ ਵਿਕਾਸ ਸਬੰਧੀ ਕੈਂਪ ਲਗਾ ਕੇ ਲੜਕੀਆਂ ਅਤੇ ਮਹਿਲਾਵਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ। ਜਿਸ ਵਿਚ ਕਰੀਬ 800 ਲੜਕੀਆਂ ਦੇ ਵਿਦਿਅੱਕ ਯੋਗਤਾ ਦੇ ਸਰਟੀਫਿਕੇਟ ਚੈਕ ਕੀਤੇ ਗਏ। ਇਸ ਮੌਕੇ ਔਰਤਾਂ ਦੇ ਹੁਨਰ ਵਿਕਾਸ ਲਈ ਪੈਡੀ ਸਵੈ ਰੋਜ਼ਗਾਰ ਸਿਖਲਾਈ ਅਦਾਰੇ ਵਲੋਂ ਲੜਕੀਆਂ ਨੂੰ ਬਿਊਟੀ ਪਾਰਲਰ, ਸਿਲਾਈ ਕਢਾਈ ਸਬੰਧੀ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਨੇ ਦੱਸਿਆ ਕਿ ਮਾਤਰੂ ਵੰਦਨਾ ਯੋਜਨਾ ਤਹਿਤ ਪਹਿਲਾ ਅਤੇ ਦੂਸਰਾ ਬੱਚਾ ਜੇਕਰ ਲੜਕੀ ਹੋਵੇ ਦੇ ਜਨਮ ਤੇ ਬੱਚੇ ਦੀ ਮਾਵਾਂ ਨੂੰ 6000/- ਰੁਪਏ ਮਿਲਣਯੋਗ ਹਨ। ਉਨਾਂ ਇਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੀ ਵਿਸ਼ੇਸ਼ ਜਾਣਕਾਰੀ ਵੀ ਦਿੱਤੀ। ਇਸ ਮੌਕੇ ਲੜਕੀਆਂ ਵਲੋਂ ਲੋਹੜੀ ਦੇ ਗੀਤ ਵੀ ਗਾਏ ਗਏ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਅਧੀਨ ਇਕ ਸੈਲਫੀ ਕਾਰਨਰ ਵੀ ਸਥਾਪਿਤ ਕੀਤਾ ਗਿਆ ਸੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਸਿਵਲ ਸਰਜਨ ਡਾ. ਕਿਰਨਦੀਪ ਕੌਰ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਰਤੀ, ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ, ਵੀ ਹਾਜ਼ਰ ਸਨ।