ਡਿਪਟੀ ਕਮਿਸ਼ਨਰ ਵੱਲੋਂ ਅਗਲੇ ਦੋ ਦਿਨਾਂ ਵਿੱਚ ਸਾਰੀਆਂ ਗ੍ਰਾਮ ਪੰਚਾਇਤਾਂ ਵਿੱਚ ਗ੍ਰਾਮ ਸਭਾ ਦੇ ਇਜਲਾਸ ਕਰਵਾਉਣ ਦੀ ਹਦਾਇਤ

ਡਿਪਟੀ ਕਮਿਸ਼ਨਰ ਵੱਲੋਂ ਅਗਲੇ ਦੋ ਦਿਨਾਂ ਵਿੱਚ ਸਾਰੀਆਂ ਗ੍ਰਾਮ ਪੰਚਾਇਤਾਂ ਵਿੱਚ ਗ੍ਰਾਮ ਸਭਾ ਦੇ ਇਜਲਾਸ ਕਰਵਾਉਣ ਦੀ ਹਦਾਇਤ
ਜਿਲੇ ਦੇ ਹਰੇਕ ਪਿੰਡ ਵਿੱਚ ਉਨਾਂ ਦੀ ਲੋੜ ਅਨੁਸਾਰ ਬਣਾਏ ਜਾਣ ਖੇਡ ਮੈਦਾਨ
ਵਿਸਾਖੀ ਤੋਂ ਬਾਅਦ ਛੱਪੜਾਂ ਦੀ ਸਫਾਈ ਦਾ ਕੰਮ ਸ਼ੁਰੂ ਕਰਨ ਦੀ ਵੀ ਕੀਤੀ ਹਦਾਇਤ
ਅੰਮ੍ਰਿਤਸਰ 27 ਮਾਰਚ 2025—
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਜੋ ਕਿ ਜਿਲਾ ਪ੍ਰੋਗਰਾਮ ਕੋਆਰਡੀਨੇਟਰ ਵੀ ਹਨ, ਨੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਅਗਲੇ ਦੋ ਦਿਨਾਂ ਵਿੱਚ ਭਾਵ 28 ਤੇ 29 ਮਾਰਚ ਨੂੰ ਸਾਰੀਆਂ ਗ੍ਰਾਮ ਪੰਚਾਇਤਾਂ ਵਿੱਚ ਗ੍ਰਾਮ ਸਭਾ ਦੇ ਇਜਲਾਸ ਕਰਵਾਉਣੇ ਯਕੀਨੀ ਬਣਾਉਣ। ਉਹਨਾਂ ਪੰਚਾਇਤ ਵਿਭਾਗ ਨੂੰ ਇਹ ਵੀ ਕਿਹਾ ਕਿ ਜੇਕਰ ਉਹਨਾਂ ਕੋਲ ਇਸ ਲਈ ਅਮਲੇ ਦੀ ਕਮੀ ਹੈ ਤਾਂ ਉਹ ਨਹਿਰੀ ਵਿਭਾਗ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰਾਂ ਨੂੰ ਵੀ ਇਸ ਕੰਮ ਵਿੱਚ ਲਗਾ ਕੇ ਇਜਲਾਸ ਦਾ ਕੰਮ ਪੂਰਾ ਕਰਵਾਉਣ। ਆ ਰਹੇ ਸੀਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਪਿੰਡਾਂ ਦੀ ਸਾਫ ਸਫਾਈ ਯਕੀਨੀ ਬਣਾਉਣ ਲਈ 15 ਅਪ੍ਰੈਲ ਤੋਂ ਹਰੇਕ ਛੱਪੜ ਵਿੱਚੋਂ ਪਾਣੀ ਕੱਢ ਕੇ ਉਸ ਨੂੰ ਥਾਪਰ ਮਾਡਲ ਛੱਪੜ ਵਜੋਂ ਵਿਕਸਿਤ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਇਹ ਕੰਮ ਮਨਰੇਗਾ ਅਧੀਨ ਕਰਵਾਏ ਜਾਣ।
ਪਿੰਡਾਂ ਵਿੱਚ ਖੇਡ ਮੈਦਾਨਾਂ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਨੇ ਸਾਰੇ ਪਿੰਡਾਂ ਵਿੱਚ ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਤਿਆਰ ਕਰਵਾਉਣ ਦੀ ਹਦਾਇਤ ਵੀ ਕੀਤੀ। ਉਹਨਾਂ ਕਿਹਾ ਕਿ ਜਿਨਾਂ ਪਿੰਡਾਂ ਵਿੱਚ ਪੰਚਾਇਤੀ ਥਾਵਾਂ ਘੱਟ ਹਨ, ਉੱਥੇ ਓਪਨ ਜਿੰਮ ਜਾਂ ਕ੍ਰਿਕਟ ਨੈੱਟ ਲਗਾ ਦਿੱਤੇ ਜਾਣ ਤਾਂ ਜੋ ਬੱਚਿਆਂ ਨੂੰ ਖੇਡਣ ਲਈ ਮੌਕਾ ਦਿੱਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਇਸ ਤੋਂ ਇਲਾਵਾ ਵਣ ਵਿਭਾਗ ਨੂੰ ਆ ਰਹੇ ਬਰਸਾਤ ਦੇ ਮੌਸਮ ਵਿੱਚ ਸੜਕਾਂ, ਸਕੂਲਾਂ , ਨਹਿਰਾਂ ਦੀਆਂ ਪਟੜੀਆਂ ਅਤੇ ਹੋਰ ਸਥਾਨਾਂ ਉੱਤੇ ਪਲਾਂਟੇਸ਼ਨ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਨੇ ਪੰਚਾਇਤ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਕਿ ਮਨਰੇਗਾ ਵਿੱਚ ਜ਼ਿਲ੍ਹੇ ਦੇ ਜਿੰਨਾ ਵੀ ਕਿਸਾਨਾਂ ਨੇ ਆਪਣੇ ਪਸ਼ੂਆਂ ਲਈ ਸ਼ੈਡ ਬਣਾਉਣੇ ਹਨ, ਉਹਨਾਂ ਨੂੰ ਤਰਜੀਹੀ ਅਧਾਰ ਉੱਤੇ ਪ੍ਰਵਾਨਗੀ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਵਿੱਚ ਚਾਰ ਦੁਵਾਰੀ ਅਤੇ ਹੋਰ ਉਸਾਰੀ ਦੇ ਕੰਮ ਮਨਰੇਗਾ ਨਾਲ ਮਿਲ ਕੇ ਕਰਵਾਉਣ ਤਾਂ ਜੋ ਉਹਨਾਂ ਨੂੰ ਕਿਰਤ ਵਜੋਂ ਸਹਾਇਤਾ ਮਿਲ ਸਕੇ ਅਤੇ ਉਹ ਉਸੇ ਹੀ ਰਕਮ ਨਾਲ ਸਕੂਲਾਂ ਦੇ ਹੋਰ ਕੰਮ ਵੀ ਪੂਰੇ ਕਰਵਾ ਸਕਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਪਿੰਡਾਂ ਵਿੱਚ ਸਫਾਈ ਦਾ ਕੰਮ ਵੱਡੇ ਪੱਧਰ ਉੱਤੇ ਕਰਵਾਉਣਾ ਚਾਹੁੰਦੇ ਹਨ ਅਤੇ ਇਸ ਲਈ ਸਾਰੇ ਅਧਿਕਾਰੀ ਆਪਣੀ ਤਰਜੀਹਾਂ ਤਿਆਰ ਕਰਨ ਤਾਂ ਜੋ ਕਣਕ ਦਾ ਸੀਜਨ ਖਤਮ ਹੋਣ ਉਪਰੰਤ ਕੰਮ ਸ਼ੁਰੂ ਕਰਵਾਏ ਜਾ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਮਜੀਤ ਕੌਰ, ਡੀਡੀਪੀਓ ਸ੍ਰੀ ਸੰਦੀਪ ਮਲਹੋਤਰਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।