ਬੱਚਿਆਂ ਦੇ ਭਵਿੱਖ ਲਈ ਡਿਪਟੀ ਕਮਿਸ਼ਨਰ ਵੱਲੋਂ ਆਈ ਅਸਪਾਇਰ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ
ਵਿਦਿਆਰਥੀਆਂ ਦਾ ਰਾਹ ਦਸੇਰਾ ਬਣੇਗਾ ਜ਼ਿਲਾ ਪ੍ਰਸ਼ਾਸਨ
ਬੱਚਿਆਂ ਦੇ ਭਵਿੱਖ ਲਈ ਡਿਪਟੀ ਕਮਿਸ਼ਨਰ ਵੱਲੋਂ ਆਈ ਅਸਪਾਇਰ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ
ਅੰਮ੍ਰਿਤਸਰ 25 ਅਕਤੂਬਰ 2024 ---
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਭਰ ਦੇ ਬੱਚਿਆਂ ਨੂੰ ਭਵਿੱਖ ਲਈ ਸੇਧ ਦੇਣ ਵਾਸਤੇ ਆਈ ਅਸਪਾਇਰ ਲੀਡਰਸ਼ਿਪ ਪ੍ਰੋਗਰਾਮ ਦੇ ਨਾਮ ਹੇਠ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਉਹਨਾਂ ਦੀ ਇੱਛਾ ਦੇ ਅਨੁਸਾਰ ਭਵਿੱਖ ਲਈ ਅਗਵਾਈ ਦਿੱਤੀ ਜਾਵੇਗੀ । ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਕਿਹਾ ਕਿ ਜਿਲੇ ਦਾ ਹਰੇਕ ਬੱਚਾ ਜੋ ਵੀ ਸੁਪਨਾ ਆਪਣੇ ਭਵਿੱਖ ਲਈ ਲੈਂਦਾ ਹੈ ਉਸ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਹਰ ਸੰਭਵ ਅਗਵਾਈ ਦੇਵੇਗਾ। ਉਹਨਾਂ ਕਿਹਾ ਕਿ ਇਸ ਲਈ ਅਸੀਂ ਹਰੇਕ ਬੱਚੇ ਕੋਲੋਂ ਉਸ ਦੇ ਭਵਿੱਖ ਬਾਰੇ ਰਾਇ ਲਈ ਜਾਵੇਗੀ, ਉਪਰੰਤ ਉਸ ਬੱਚੇ ਦੀ ਲੋੜ ਅਨੁਸਾਰ ਉਸ ਨੂੰ ਮਾਹਰਾਂ ਕੋਲੋਂ ਅਗਵਾਈ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਬੱਚੇ ਨੇ ਭਵਿੱਖ ਵਿੱਚ ਜੋ ਵੀ ਬਣਨ ਦੀ ਇੱਛਾ ਕੀਤੀ ਹੋਵੇਗੀ ਉਸ ਨੂੰ ਉਸ ਖਿੱਤੇ ਦੀ ਅਹਿਮ ਹਸਤੀ ਨਾਲ ਮਿਲਾਇਆ ਜਾਵੇਗਾ ਤਾਂ ਜੋ ਉਹ ਉਸ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧ ਸਕੇ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਹਰੇਕ ਬੱਚਾ ਜੋ ਕਿ ਅੱਠਵੀਂ ਤੋਂ ਬਾਰਵੀਂ ਕਲਾਸ ਤੱਕ ਦਾ ਵਿਦਿਆਰਥੀ ਹੈ, ਉਹ ਭਵਿੱਖ ਦੇ ਟੀਚੇ ਨੂੰ ਸਾਡੇ ਨਾਲ ਸਾਂਝਾ ਕਰੇ ਤਾਂ ਜੋ ਅਸੀਂ ਉਸ ਅਨੁਸਾਰ ਆਪਣੀ ਰਣਨੀਤੀ ਤਿਆਰ ਕਰ ਸਕੀਏ । ਅੱਜ ਡਿਪਟੀ ਕਮਿਸ਼ਨਰ ਨੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਕਿ ਭਵਿੱਖ ਵਿੱਚ ਪੈਸਿਆਂ ਦੀ ਦੌੜ ਪਿੱਛੇ ਨਹੀਂ ਭੱਜਣਾ ਬਲਕਿ ਲੋਕ ਸੇਵਾ ਅਤੇ ਆਪਣੀ ਸੰਤੁਸ਼ਟੀ ਲਈ ਕੰਮ ਕਰਨਾ ਹੈ।
ਇਸ ਮੌਕੇ ਫੌਜ ਦੇ ਕਰਨਲ ਸ੍ਰੀ ਚੇਤਨ ਪਾਂਡੇ ਡਾਇਰੈਕਟਰ ਆਰਮੀ ਭਰਤੀ, ਡਿਪਟੀ ਸੀਈਓ ਸ ਤੀਰਥ ਪਾਲ ਸਿੰਘ, ਸ੍ਰੀ ਜਸਬੀਰ ਸਿੰਘ, ਸ਼੍ਰੀ ਅਮਿਤ ਚੋਪੜਾ, ਸ੍ਰੀ ਸੁਖਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।