ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨੇ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੇ ਯੁੱਧ ਵਿੱਚ ਸਾਥ ਦੇਣ ਦਾ ਦਿੱਤਾ ਭਰੋਸਾ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨੇ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੇ ਯੁੱਧ ਵਿੱਚ ਸਾਥ ਦੇਣ ਦਾ ਦਿੱਤਾ ਭਰੋਸਾ
ਅੰਮ੍ਰਿਤਸਰ 27 ਮਾਰਚ 2025—
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੇ ਗਏ ਯੁੱਧ ਵਿੱਚ ਐਸੋਸੀਏਸ਼ਨ ਵੱਲੋਂ ਸਾਥ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹਨਾਂ ਦਾ ਜੇਕਰ ਕੋਈ ਵੀ ਮੈਂਬਰ ਕਿਸੇ ਨੂੰ ਨਸ਼ੇ ਦੀ ਦਵਾਈ ਦੇਵੇਗਾ, ਤਾਂ ਉਹ ਉਸ ਦਾ ਡਟਵਾਂ ਵਿਰੋਧ ਕਰਨਗੇ । ਅੱਜ ਐਸਡੀਐਮ ਅਜਨਾਲਾ ਸ ਰਵਿੰਦਰ ਸਿੰਘ ਅਰੋੜਾ ਨੂੰ ਲਿਖਤੀ ਤੌਰ ਤੇ ਦਿੱਤੇ ਪੱਤਰ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰ ਜਸਬੀਰ ਸਿੰਘ, ਸਰਬਜੀਤ ਸਿੰਘ , ਸੰਜੀਵ ਕੁਮਾਰ, ਬਲਵਿੰਦਰ ਸਿੰਘ, ਅਵਤਾਰ ਸਿੰਘ, ਸਵਰਨਜੀਤ ਸਿੰਘ ਸੌੜੀਆਂ, ਅੰਮ੍ਰਿਤ ਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਅਹੁਦੇਦਾਰ ਸ਼ਾਮਿਲ ਸਨ, ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਦਾ ਕੋਈ ਵੀ ਮੈਂਬਰ ਕਿਸੇ ਨੂੰ ਨਸ਼ੇ ਵਾਲੀ ਦਵਾਈ ਨਹੀਂ ਵੇਚਦਾ। ਉਹਨਾਂ ਕਿਹਾ ਕਿ ਅਸੀਂ ਸਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਹਾਂ ਅਤੇ ਪਿੰਡਾਂ ਤੇ ਦੂਰ ਦਰਾਜ ਦੇ ਖੇਤਰਾਂ ਵਿੱਚ ਲੋਕਾਂ ਦੀ ਮੈਡੀਕਲ ਸਹਾਇਤਾ ਲਈ ਕੰਮ ਕਰ ਰਹੇ ਹਾਂ ਅਤੇ ਚਾਹੁੰਦੇ ਹਾਂ ਕਿ ਪੰਜਾਬ ਨਸ਼ਾ ਮੁਕਤ ਹੋਵੇ ।
ਅਹੁਦੇਦਾਰਾਂ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਦੀ ਸਰਾਹਨਾ ਕਰਦੇ ਕਿਹਾ ਕਿ ਜੇਕਰ ਉਹਨਾਂ ਦੀ ਜਥੇਬੰਦੀ ਦਾ ਕੋਈ ਵੀ ਮੈਂਬਰ ਨਸ਼ੀਲੀ ਦਵਾਈ ਵੇਚਦਾ ਫੜਿਆ ਜਾਂਦਾ ਹੈ ਤਾਂ ਉਹ ਉਸ ਦਾ ਰਤੀ ਭਰ ਵੀ ਸਾਥ ਨਹੀਂ ਦੇਣਗੇ ਬਲਕਿ ਪੁਲਿਸ ਅਤੇ ਸਰਕਾਰ ਦੀ ਇਸ ਮਸਲੇ ਉੱਤੇ ਹਮਾਇਤ ਕਰਨਗੇ। ਐਸਡੀਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਜਥੇਬੰਦੀ ਵੱਲੋਂ ਕੀਤੀ ਇਸ ਕੋਸ਼ਿਸ਼ ਦੀ ਸਰਾਹਨਾ ਕਰਦੇ ਕਿਹਾ ਕਿ ਜੇਕਰ ਤੁਹਾਡੇ ਵਰਗੇ ਲੋਕਾਂ ਦਾ ਸਾਥ ਇਸ ਮੁਹਿੰਮ ਨਾਲ ਮਿਲ ਗਿਆ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਵੇਗਾ।