ਮੰਤਰੀ ਧਾਲੀਵਾਲ ਵੱਖ-ਵੱਖ ਪੰਚਾਇਤਾਂ ਨੂੰ ਕਰੀਬ 1 ਕਰੋੜ 10 ਲੱਖ ਰੁਪਏ ਦੇ ਵੰਡੇ ਚੈਕ
ਪਿੰਡਾਂ ਨੂੰ ਦਿੱਤੀਆਂ ਜਾਣਗੀਆਂ ਸ਼ਹਿਰਾਂ ਵਰਗੀਆਂ ਸਹੂਲਤਾਂ
ਅੰਮ੍ਰਿਤਸਰ 6 ਸਤੰਬਰ 2024 –
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਦਾ ਵੀ ਜੀਵਨਪੱਧਰ ਉੱਚਾ ਉਠ ਸਕੇ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਵਿਧਾਨਸਭਾ ਹਲਕੇ ਅਧੀਨ ਪੈਂਦੇ 19 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਕਰੀਬ 1 ਕਰੋੜ 10 ਲੱਖ ਰੁਪਏ ਦੇ ਚੈਕ ਵੰਡਣ ਉਪਰੰਤ ਕੀਤਾ। ਉਨਾਂ ਸਮੂਹ ਪੰਚਾਇਤਾਂ ਨੂੰ ਕਿਹਾ ਕਿ ਉਹ ਇਨਾਂ ਪੈਸਿਆਂ ਨਾਲ ਆਪਣੇ ਪਿੰਡਾਂ ਦਾ ਵਿਕਾਸ ਕਰਨ ਅਤੇ ਵਿਸ਼ੇਸ਼ ਤੌਰ ਤੇ ਇਸ ਗੱਲ ਦਾ ਧਿਆਨ ਰੱਖਣ ਕਿ ਵਿਕਾਸ ਕਾਰਜ ਗੁਣਵੱਤਾ ਭਰਪੂਰ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਇਹ ਪੈਸਾ ਤੁਹਾਡੇ ਲੋਕਾਂ ਦਾ ਪੈਸਾ ਹੈ ਅਤੇ ਸਰਕਾਰ ਇਹ ਪੈਸਾ ਤੁਹਾਡੇ ਤੇ ਹੀ ਖਰਚ ਕਰ ਰਹੀ ਹੈ। ਉਨਾਂ ਜੋਰ ਦਿੰਦਿਆਂ ਕਿਹਾ ਕਿ ਆਮ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ ਅਤੇ ਜੇਕਰ ਕਿਤੇ ਕੋਈ ਅਣਗਹਿਲੀ ਪਾਈ ਜਾਂਦੀ ਹੈ ਤਾਂ ਤੁਰੰਤ ਮੇਰੇ ਧਿਆਨ ਵਿੱਚ ਲਿਆਉਣ।
ਸ: ਧਾਲੀਵਾਲ ਨੇ ਗ੍ਰਾਮ ਪੰਚਾਇਤ ਨਵਾਂ ਡਾਲਾਂ ਰਾਜਪੂਤਾਂ ਨੂੰ 13 ਲੱਖ, ਸਾਹੋਵਾਲ ਨੂੰ 8 ਲੱਖ, ਸਮਰਾਏ ਭੰਡਾ, ਮੱਝੀਮਿਓਂ, ਡਾਬਰ ਬਸਤੀ, ਤਲਵੰਡੀ ਰਾਏ ਡੱਡੂ, ਖਾਨਵਾਲ, ਗ੍ਰੰਥ ਗੜ੍ਹ , ਗੱਗੋਮਾਹਲ ਨੂੰ 5-5 ਲੱਖ ਰੁਪਏ ਅਤੇ ਡਲਾਂ ਰਾਜਪੂਤਾਂ(ਪੂਤਨਪੁਰਾ) ਨੂੰ 10 ਲੱਖ, ਹਾਸ਼ਮਪੁਰਾ ਨੂੰ 4 ਲੱਖ, ਫੱਤੇਵਾਲ ਨੂੰ 8 ਲਾਖ, ਚੰਨਾ ਸਾਰੰਗ ਦੇਵ ਨੂੰ 4 ਲੱਖ, ਆਬਾਦੀ ਗੁੰਮਚਕ 7 ਲੱਖ, ਗ੍ਰਾਮ ਪੰਚਾਇਤ ਖਾਨਵਾਲ, ਸ਼ੇਖ ਭੱਟੀ, ਜੱਟਾਂ ਵਾਲੀ, ਹਾਸ਼ਮਪੁਰਾ ਨੂੰ 2-2 ਲੱਖ ਰੁਪਏ ਅਤੇ ਆਬਾਦੀ ਸੋਹਨ ਸਿੰਘ ਨੂੰ 7.64 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਚੈਕ ਵੰਡੇ। ਸ: ਧਾਲੀਵਾਲ ਨੇ ਗ੍ਰਾਮ ਪੰਚਾਇਤਾਂ ਨੂੰ ਕਿਹਾ ਕਿ ਉਹ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ। ਇਸ ਮੌਕੇ ਬੀ.ਡੀ. ਪੀ. ਓ. ਸ: ਸੁਖਜੀਤ ਸਿੰਘ ਬਾਜਵਾ ਵੀ ਹਾਜ਼ਰ ਸਨ।