ਵਧੀਕ ਡਿਪਟੀ ਕਮਿਸ਼ਨਰ ਨੇ ਸ਼ੀਤ ਲਹਿਰ ਵਿੱਚ ਫੁੱਟਪਾਥਾਂ ਤੇ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਪਹੁੰਚਾਇਆ ਰੈਨ ਬਸੇਰਾ
ਵਧੀਕ ਡਿਪਟੀ ਕਮਿਸ਼ਨਰ ਨੇ ਸ਼ੀਤ ਲਹਿਰ ਵਿੱਚ ਫੁੱਟਪਾਥਾਂ ਤੇ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਪਹੁੰਚਾਇਆ ਰੈਨ ਬਸੇਰਾ
25 ਦੇ ਕਰੀਬ ਲੋਕਾਂ ਨੂੰ ਕੀਤੀ ਕੰਬਲਾਂ ਦੀ ਵੰਡ
ਅੰਮ੍ਰਿਤਸਰ, 3 ਜਨਵਰੀ:
ਸ੍ਰੀਮਤੀ ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੀ ਰਾਤ ਸੜਕ ਦੇ ਕਿਨਾਰੇ ਅਤੇ ਫੁੱਟਪਾਥਾਂ ਤੇ ਰਹਿ ਰਹੇ ਬੇਸਹਾਰਾ ਗਰੀਬ, ਲੇਬਰ ਅਤੇ ਬੱਚਿਆਂ ਨੂੰ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਸਰੀਨ ਨੇ ਰੈਨ ਬਸੇਰਾ ਗੋਲਬਾਗ ਵਿਖੇ ਪਹੁੰਚਾਇਆ ਅਤੇ ਰੈਡ ਕਰਾਸ ਦੇ ਸਹਿਯੋਗ ਨਾਲ ਕੰਬਲਾਂ ਦੀ ਵੰਡ ਕੀਤੀ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਲਾ ਗੋਬਿੰਦਗੜ੍ਹ, ਕੰਪਨੀ ਬਾਗ ਅਤੇ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਲੱਗਭੱਗ 20 ਵਿਅਕਤੀਆਂ ਨੂੰ ਰੈਨ ਬਸੇਰਾ ਵਿਖੇ ਤਬੀਦਲ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਝੁੱਗੀ ਝੌਪੜੀਆਂ ਵਿੱਚ ਰਹਿ ਰਹੇ ਲੋੜਵੰਦ ਵਿਅਕਤੀਆਂ ਨੂੰ ਕੰਬਲਾਂ ਦੀ ਵੰਡ ਵੀ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਡ ਕਰਾਸ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਹੱਡ ਚੀਰਵੀਂ ਠੰਡ ਵਿੱਚ ਸੜਕਾਂ ਦੇ ਫੁੱਟਪਾਥਾਂ ਤੇ ਬੈਠੇ ਰਹਿੰਦੇ ਹਨ ਅਤੇ ਇਨ੍ਹਾਂ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਰੈਨ ਬਸੇਰਾ ਵਿਖੇ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਨੇ ਸਕੱਤਰ ਰੈਡ ਕਰਾਸ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਲੋੜਵੰਦਾਂ ਦਾ ਧਿਆਨ ਰੱਖਣ ਅਤੇ ਜਿਥੇ ਜਰੂਰਤ ਹੋਵੇ ਕੰਬਲ ਅਤੇ ਗਰਮ ਕੱਪੜਿਆਂ ਦੀ ਵੰਡ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਗੋਲਬਾਗ ਵਿਖੇ ਯਾਤਰੀ ਨਿਵਾਸ ਵਿੱਚ 25 ਬੈਡ ਅਤੇ ਗੋਲਬਾਗ ਰੈਨ ਬਸੇਰਾ ਵਿੱਚ 100 ਬੈਡਾਂ ਦੀ ਸਹੂਲਤ ਰੱਖੀ ਗਈ ਹੈ ਅਤੇ ਇਸ ਤੋਂ ਇਲਾਵਾ ਨਗਰ ਕੋਂਸਲਾਂ ਵਿੱਚ ਵੀ ਰੈਨ ਬਸੇਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੜਕਾਂ ਤੇ ਸੁੱਤੇ ਭਿਖਾਰੀ ਮਿਲਣ ਤਾਂ ਉਨ੍ਹਾਂ ਨੂੰ ਰੈਨ ਬਸੇਰਿਆਂ ਵਿੱਚ ਪੁੱਜਦਾ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਇਸ ਤੋਂ ਇਲਾਵਾ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਰੂਰਤਮੰਦ ਲੋਕਾਂ ਨੂੰ ਇਨ੍ਹਾਂ ਰੈਣ ਬਸੇਰਿਆਂ ਬਾਰੇ ਦੱਸਣ ਤਾਂ ਜੋ ਸਰਦੀ ਤੋਂ ਬਚੇ ਰਹਿਣ ਅਤੇ ਛੱਤ ਦੀ ਸਹੂਲਤ ਮਿਲ ਸਕੇ।