ਸਿੱਖਿਆ ਕ੍ਰਾਂਤੀ ਦੇ ਦੂਸਰੇ ਗੇੜ ਵਿੱਚ ਦਲਬੀਰ ਸਿੰਘ ਟੌਂਗ ਨੇ ਬਾਬਾ ਬਕਾਲਾ ਸਾਹਿਬ ਹਲਕੇ ਵਿੱਚ ਪੰਜ ਸਕੂਲਾਂ ਵਿੱਚ ਕੀਤੇ ਉਦਘਾਟਨ

ਸਿੱਖਿਆ ਕ੍ਰਾਂਤੀ ਦੇ ਦੂਸਰੇ ਗੇੜ ਵਿੱਚ ਦਲਬੀਰ ਸਿੰਘ ਟੌਂਗ ਨੇ ਬਾਬਾ ਬਕਾਲਾ ਸਾਹਿਬ ਹਲਕੇ ਵਿੱਚ ਪੰਜ ਸਕੂਲਾਂ ਵਿੱਚ ਕੀਤੇ ਉਦਘਾਟਨ
ਬਾਬਾ ਬਕਾਲਾ ਸਾਹਿਬ ,09 ਅਪ੍ਰੈਲ
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਕੂਲਾਂ ਦਾ ਮੁਢਲਾ ਢਾਂਚਾ ਵਿਕਸਿਤ ਕਰਨ ਲਈ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਦੇ ਦੂਸਰੇ ਪੜਾਅ ਵਿੱਚ ਅੱਜ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ ਦਲਬੀਰ ਸਿੰਘ ਟੌਂਗ ਨੇ ਆਪਣੇ ਹਲਕੇ ਵਿੱਚ ਪੰਜ ਸਕੂਲਾਂ ਵਿੱਚ ਵੱਖ-ਵੱਖ ਕੰਮਾਂ ਦੇ ਉਦਘਾਟਨ ਕੀਤੇ।
ਅੱਜ ਉਹਨਾਂ ਵੱਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧੌਲ ਕਲਾਂ ਵਿੱਚ ਕਲਾਸ ਰੂਮ, ਸਰਕਾਰੀ ਪ੍ਰਾਇਮਰੀ ਸਕੂਲ ਧੂਲਕਾ ਵਿੱਚ ਸਕੂਲ ਦੀ ਚਾਰ ਦੁਆਰੀ, ਸਰਕਾਰੀ ਪ੍ਰਾਇਮਰੀ ਸਕੂਲ ਕਾਲੇਕੇ ਵਿੱਚ ਸਕੂਲ ਦੀ ਚਾਰ ਦਵਾਰੀ ਅਤੇ ਟਾਇਲਟ ਬਲਾਕ, ਸਰਕਾਰੀ ਪ੍ਰਾਇਮਰੀ ਸਕੂਲ ਸੁਧਾਰ ਰਾਜਪੂਤਾਂ ਵਿੱਚ ਆਧੁਨਿਕ ਕਲਾਸਰੂਮ ਅਤੇ ਸਰਕਾਰੀ ਹਾਈ ਸਕੂਲ ਸੁਧਾਰ ਰਾਜਪੂਤਾਂ ਵਿੱਚ ਸਾਇੰਸ ਲੈਬ ਦਾ ਉਦਘਾਟਨ ਕੀਤਾ ਗਿਆ। ਇਹਨਾਂ ਕੰਮਾਂ ਉੱਤੇ 33.32 ਲੱਖ ਰੁਪਏ ਦੀ ਲਾਗਤ ਆਈ ਹੈ।
ਇਹ ਪ੍ਰੋਜੈਕਟ ਬੱਚਿਆਂ ਨੂੰ ਸਮਰਪਿਤ ਕਰਦੇ ਹੋਏ ਸ ਟੌਗ ਨੇ ਕਿਹਾ ਕਿ ਬੱਚਿਓ ਤੁਹਾਡਾ ਕੰਮ ਪੜਨਾ ਹੈ, ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ, ਅਸੀਂ ਤੁਹਾਨੂੰ ਪੜਨ ਵਾਸਤੇ ਵਧੀਆ ਮਾਹੌਲ ਦਿੱਤਾ ਹੈ । ਉਹਨਾਂ ਕਿਹਾ ਕਿ ਪੜ੍ਹਾਈ ਤੋਂ ਬਿਨਾਂ ਕੋਈ ਵੀ ਘਰ, ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ, ਸੋ ਸਾਰੇ ਬੱਚੇ ਸਕੂਲ ਵਿੱਚ ਇਸ ਬਿਹਤਰ ਸੇਵਾਵਾਂ ਦਾ ਲਾਭ ਲੈਣ ਅਤੇ ਅਧਿਆਪਕ ਇਹਨਾਂ ਵਧੀਆ ਮੁੱਢਲੇ ਢਾਂਚੇ ਨੂੰ ਬੱਚਿਆਂ ਲਈ ਵਰਤਦੇ ਹੋਏ ਸਿੱਖਿਆ ਦਾ ਦਾਨ ਦੇਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਉੱਤੇ ਜੋ ਰਾਸ਼ੀ ਖਰਚ ਕੀਤੀ ਗਈ ਹੈ ਤੁਹਾਡੇ ਵਧੀਆ ਭਵਿੱਖ ਲਈ ਕੀਤਾ ਗਿਆ ਨਿਵੇਸ਼ ਹੈ, ਸੋ ਤੁਸੀਂ ਤਰੱਕੀ ਕਰੋਗੇ ਤਾਂ ਪੰਜਾਬ ਤਰੱਕੀ ਕਰੇਗਾ । ਉਹਨਾਂ ਨੇ ਬੱਚਿਆਂ ਦੇ ਮਾਂ ਪਿਓ ਨੂੰ ਵੀ ਬੱਚਿਆਂ ਉੱਤੇ ਨਿਗਾਹ ਰੱਖਣ ਅਤੇ ਵੱਧ ਤੋਂ ਵੱਧ ਪੜ੍ਹਾਈ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।