ਸਾਂਝੀ ਰਸੋਈ ਮਾਨਵਤਾ ਦੀ ਸੇਵਾ ਲਈ ਇਕ ਚੰਗਾ ਉਪਰਾਲਾ – ਡਿਪਟੀ ਕਮਿਸ਼ਨਰ
ਸਾਂਝੀ ਰਸੋਈ ਮਾਨਵਤਾ ਦੀ ਸੇਵਾ ਲਈ ਇਕ ਚੰਗਾ ਉਪਰਾਲਾ – ਡਿਪਟੀ ਕਮਿਸ਼ਨਰ
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਂਝੀ ਰਸੋਈ ਦਾ ਕੀਤਾ ਉਦਘਾਟਨ
ਅੰਮ੍ਰਿਤਸਰ 6 ਸਤੰਬਰ 2024—
ਅਜੋਕੇ ਯੁੱਗ ਵਿੱਚ ਮਾਨਵਤਾ ਦੀ ਸੇਵਾ ਕਰਨਾ ਸਭ ਤੋਂ ਵੱਡਾ ਧਰਮ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਮਾਨਵਤਾ ਦੀ ਸੇਵਾ ਲਈ ਅੱਗੇ ਆਈਏ ਅਤੇ ਉਨਾਂ ਦੀ ਮਦਦ ਕਰੀਏ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ੍ਰੀ ਧਨਵੰਤਰੀ ਹਰਬਲਸ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਜਲ ਸੇਵਾ ਸੁਸਾਇਟੀ ਵਲੋਂ ਸਾਂਝੇ ਤੋਰ ਤੇ ਤੀਸਰੀ ਸਾਂਝੀ ਰਸੋਈ ਪ੍ਰੋਜੈਕਟ ਦਾ ਉਦਘਾਟਨ ਕਰਨ ਉਪਰੰਤ ਕੀਤਾ।
ਸ੍ਰੀ ਥੋਰੀ ਨੇ ਕਿਹਾ ਕਿ ਇਸ ਸਾਂਝੀ ਰਸੋਈ ਵਿੱਚ ਲੋੜਵੰਦਾਂ ਲਈ 10/- ਰੁਪਏ ਦੀ ਥਾਲੀ ਭੋਜਨ ਵਿੱਚ ਦਿੱਤੀ ਜਾਂਦੀ ਹੈ। ਜਿਸ ਨਾਲ ਲੋੜਵੰਦ ਵਿਅਕਤੀ ਆਪਣੀ ਭੁੱਖ ਮਿਟਾ ਸਕਦੇ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਂਝੀ ਰਸੋਈ ਗੁਰੂ ਨਾਨਕ ਦੇਵ ਹਸਪਤਾਲ ਅਤੇ ਬਸ ਸਟੈਂਡ ਵਿਖੇ ਚਲ ਰਹੀ ਹੈ। ਜਿਥੇ ਲੋੜਵੰਦਾਂ ਨੂੰ 10/-ਰੁਪਏ ਵਿੱਚ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਸਾਂਝੀ ਰਸੋਈ ਦਾ ਮੁੱਖ ਉਦੇਸ਼ ਇਹ ਹੈ ਕਿ ਨਿਰੰਤਰ ਰੂਪ ਵਿੱਚ ਇਹ ਚਲਦੀ ਰਹੇ ਅਤੇ ਲੋੜਵੰਦ ਦੀ ਮਦਦ ਕਰਦੀ ਰਹੇ। ਉਨਾਂ ਦੱਸਿਆ ਕਿ ਇਸ ਰਸੋਈ ਦੀ ਜਿੰਮੇਵਾਰੀ ਧੰਨਵਤਰੀ ਹਰਬਲਸ ਵਲੋਂ ਲਈ ਗਈ ਹੈ, ਉਨਾਂ ਕਿਹਾ ਕਿ ਮੇਰੀ ਇਹ ਇੱਛਾ ਹੈ ਕਿ ਸਾਂਝੀ ਰਸੋਈ ਮੇਰੀ ਤਬਾਦਲਾ ਹੋਣ ਤੋਂ ਬਾਅਦ ਵੀ ਨਿਰੰਤਰ ਚਲਦੀ ਰਹੇ ਅਤੇ ਰੈਡ ਕਰਾਸ ਇਕ ਨੋਡਲ ਏਜੰਸੀ ਵਲੋਂ ਆਪਣੀ ਸੇਵਾ ਨਿਭਾਉਂਦੀ ਰਹੇ।
ਅਜ ਦੇ ਦਿਨ ਸਾਂਝੀ ਰਸੋਈ ਨੂੰ ਸ੍ਰੀ ਅਜੈ ਡੁਡੇਜਾ ਵਲੋਂ ਸਪਾਂਸਰ ਕੀਤਾ ਗਿਆ ਸੀ, ਇਸ ਮੌਕੇ ਸ੍ਰੀ ਫੁਲਵਿੰਦਰ ਸਿੰਘ ਅਤੇ ਸ੍ਰੀ ਮਨਜਿੰਦਰ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਨਿਸ਼ਕਾਮ ਜਲ ਸੇਵਾ ਸੁਸਾਇਟੀ ਦੇ ਮੈਂਬਰ ਡਾ. ਜੇ ਪੀ. ਸਿੰਘ, ਐਮ.ਡੀ. ਡਾ. ਰਵੀ ਸ਼ੰਕਰ, ਡਾਇਰਕੈਟਰ ਸ੍ਰੀ ਧੰਨਵਤਰੀ ਹਰਬਲਸ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਸ੍ਰੀ ਸੈਮਸਨ ਮਸੀਹ ਸਕੱਤਰ ਰੈਡ ਕਰਾਸ ਨੇ ਵਿਸ਼ੇਸ਼ ਰੂਪ ਵਿੱਚ ਧੰਨਵਤਰੀ ਹਰਬਲਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰੈਡ ਕਰਾਸ ਇਨਾਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਹੈ।