ਖੇਤੀਬਾੜੀ ਅਤੇ ਪੇਂਡੂ ਖੁਸ਼ਹਾਲੀ ਬਾਰੇ ਵੈਬੀਨਾਰ


ਬਰਨਾਲਾ, 1 ਮਾਰਚ
ਕੇਂਦਰੀ ਬਜਟ 2025-26 ਦੇ ਐਲਾਨਾਂ ਨੂੰ ਲਾਗੂ ਕਰਨ ਬਾਰੇ ਵਿਚਾਰ ਵਟਾਂਦਰਾ ਕਰਨ ਲਈ “ਖੇਤੀਬਾੜੀ ਅਤੇ ਪੇਂਡੂ ਖੁਸ਼ਹਾਲੀ ਉੱਤੇ ਬਜਟ ਬਾਰੇ ਵੈਬੀਨਾਰ ਹੋਇਆ, ਜਿਸ ਦਾ ਪ੍ਰਸਾਰਣ ਐੱਸਬੀਆਈ ਆਰ ਸੇਟੀ ਖੁੱਡੀ ਕਲਾਂ ਵਿਖੇ ਵੀ ਹੋਇਆ।
ਇਸ ਵੈਬੀਨਾਰ ਵਿੱਚ ਦੱਸਿਆ ਗਿਆ ਕਿ ਕਿਸਾਨਾਂ ਨੂੰ ਸਸਤੇ ਅਤੇ ਆਸਾਨ ਕਰਜ਼ੇ ਪ੍ਰਦਾਨ ਕਰਨ ਲਈ ਸਰਕਾਰ ਵਲੋਂ ਨਵੀਂ ਪਹਿਲਕਦਮੀ ਕੀਤੀ ਗਈ ਹੈ ਜਿਸ ਤਹਿਤ ਸੋਧੀ ਵਿਆਜ ਸਹਾਇਤਾ ਯੋਜਨਾ ਤਹਿਤ ਕਰਜ਼ਾ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਗਈ ਹੈ।
ਇਸ ਮੌਕੇ ਬੁਲਾਰਿਆਂ ਨੇ ਦਸਿਆ ਕਿ ਕੇਂਦਰੀ ਬਜਟ 2025-26 ਵਿੱਚ ਭਾਰਤ ਦੇ ਅੰਨਦਾਤਾ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਵੈਬੀਨਾਰ ਵਿੱਚ ਉਦਘਾਟਨੀ ਭਾਸ਼ਣ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤਾ ਗਿਆ।
ਇਸ ਮੌਕੇ ਦੱਸਿਆ ਗਿਆ ਕਿ ਆਰਥਿਕ ਸਰਵੇਖਣ 2024 ਵਿੱਚ ਵੀ ਦੱਸਿਆ ਗਿਆ ਹੈ ਕਿ 31.3.2024 ਤੱਕ 7.75 ਕਰੋੜ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਖਾਤੇ ਹਨ।
ਕਿਫਾਇਤੀ ਕ੍ਰੈਡਿਟ ਤੱਕ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ, ਭਾਰਤੀ ਰਿਜ਼ਰਵ ਬੈਂਕ (RBI) ਨੇ ਕੇ ਸੀ ਸੀ ਲੋਨ ਨੂੰ 1.6 ਲੱਖ ਰੁਪਏ ਤੋਂ ਵਧਾ ਕੇ 2 ਲੱਖ ਕਰ ਦਿੱਤਾ ਹੈ। ਕੇਂਦਰੀ ਬਜਟ 2025-26 ਵਿੱਚ ਸੋਧੀ ਵਿਆਜ ਸਬਸਿਡੀ ਸਕੀਮ (MISS) ਦੇ ਤਹਿਤ ਕਰਜ਼ੇ ਦੀ ਸੀਮਾ ਨੂੰ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਹੈ। ਇਸ ਕਦਮ ਨਾਲ ਛੋਟੇ ਅਤੇ ਸੀਮਾਂਤ ਕਿਸਾਨਾਂ 'ਤੇ ਵਿੱਤੀ ਤਣਾਅ ਘੱਟ ਹੋਣ ਦੇ ਨਾਲ-ਨਾਲ ਖੇਤੀਬਾੜੀ ਵਿੱਚ ਵਧੇਰੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ।
ਬੁਲਾਰਿਆਂ ਨੇ ਦਸਿਆ ਕਿ ਸਰਕਾਰ ਨੇ ਪਿਛਲੇ ਦਹਾਕੇ ਵਿੱਚ ਐਮ ਆਈ ਐਸ ਐਸ ਰਾਹੀਂ ਕਿਸਾਨਾਂ ਨੂੰ 1.44 ਲੱਖ ਕਰੋੜ ਰੁਪਏ ਮੁਹੱਈਆ ਕਰਵਾਏ ਹਨ।
ਇਸ ਮੌਕੇ ਖੁੱਡੀ ਕਲਾਂ ਦਫ਼ਤਰ ਵਿਚ ਐਲ ਡੀ ਐਮ ਗੁਰਪਰਮਿੰਦਰ ਸਿੰਘ, ਆਰ ਸੇਟੀ ਤੋਂ ਬਿਸ਼ਵਜੀਤ ਮੁਖਰਜੀ, ਅੰਮ੍ਰਿਤਪਾਲ ਸਿੰਘ ਬੀ ਐਮ, ਅਨਿਲ ਕੁਮਾਰ, ਪੰਚਾਇਤੀ ਮੈਂਬਰ, ਕਿਸਾਨ ਆਦਿ ਹਾਜ਼ਰ ਸਨ।