ਧਨੌਲਾ ਦੇ ਵਿਕਾਸ ਕਾਰਜਾਂ ਲਈ 25 ਕਰੋੜ ਦੀ ਗ੍ਰਾਂਟ ਜਾਰੀ: ਮੀਤ ਹੇਅਰ
* ਕਮਿਊਨਿਟੀ ਹਾਲ, ਇਨਡੋਰ ਸਟੇਡੀਅਮ, ਸੜਕਾਂ ਤੇ ਸੀਵਰੇਜ ਦੇ ਹੋਣਗੇ ਕੰਮ
ਧਨੌਲਾ, 11 ਅਕਤੂਬਰ
ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਕਿਹਾ ਕਿ ਸਰਕਾਰ ਵਲੋਂ ਧਨੌਲਾ ਦੇ ਵਿਕਾਸ ਕਾਰਜਾਂ ਲਈ ਕਰੀਬ 25 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਜਿਸ ਨਾਲ ਸ਼ਹਿਰ ਦੇ ਵਿਕਾਸ ਕਾਰਜ ਵਿਆਪਕ ਪੱਧਰ 'ਤੇ ਨੇਪਰੇ ਚਾੜ੍ਹੇ ਜਾਣਗੇ।
ਉਨ੍ਹਾਂ ਬਾਜ਼ੀਗਰ ਬਸਤੀ ਧਨੌਲਾ ਵਿਖੇ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 25 ਕਰੋੜ ਰੁਪਏ ਦੀ ਵੱਡੀ ਗ੍ਰਾਂਟ ਧਨੌਲਾ ਸ਼ਹਿਰ ਲਈ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨਗਰ ਕੌਂਸਲ ਧਨੌਲਾ ਨੂੰ ਕਿਸੇ ਸਰਕਾਰ ਨੇ ਏਨੇ ਫੰਡ ਨਹੀਂ ਦਿੱਤੇ।
ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਨਾਲ ਸ਼ਹਿਰ ਵਿੱਚ ਬੈਡਮਿੰਟਨ ਅਤੇ ਬਾਕਸਿੰਗ ਦਾ ਇਨਡੋਰ ਸਟੇਡੀਅਮ, ਕਮਿਊਨਿਟੀ ਮੈਰਿਜ ਪੈਲੇਸ ਬਣਾਉਣ, ਸੜਕਾਂ, ਇੰਟਰਲਾਕ ਟਾਈਲਾਂ ਆਦਿ ਦੇ ਕੰਮ ਨੇਪਰੇ ਚਾੜ੍ਹੇ ਜਾਣਗੇ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਬਰਨਾਲਾ ਵਿਧਾਨ ਸਭਾ ਹਲਕੇ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹਨ ਤੇ ਕਿਸਾਨਾਂ ਲਈ ਸਿੰਚਾਈ ਪਾਈਪਲਾਈਨ ਪ੍ਰੋਜੈਕਟ ਤਹਿਤ ਲਈ 300 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵੱਧ ਤੋਂ ਵੱਧ ਰਕਬੇ ਤਕ ਨਹਿਰੀ ਪਾਣੀ ਪਹੁੰਚਦਾ ਕਰਨ ਲਈ ਨਵੇਂ ਮੋਘੇ ਕੱਢੇ ਗਏ ਤੇ ਹੋਰ ਵੀ ਕੰਮ ਕੀਤਾ ਕੀਤਾ ਜਾਣਾ ਹੈ।
ਇਸ ਮੌਕੇ ਓਐਸਡੀ ਹਸਨਪ੍ਰੀਤ ਭਾਰਦਵਾਜ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਈ.ਓ ਵਿਸ਼ਾਲਦੀਪ ਆਦਿ ਹਾਜ਼ਰ ਸਨ।