ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਚੋਣ ਅਮਲੇ ਦੀ ਰਿਹਰਸਲ
ਬਰਨਾਲਾ, 11 ਅਕਤੂਬਰ
15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣਕਾਰ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਚੋਣ ਅਮਲੇ ਦੀ ਦੂਜੀ ਰਿਹਰਸਲ ਅੱਜ ਕਰਵਾਈ ਗਈ।
ਬਲਾਕ ਬਰਨਾਲਾ ਦੀਆਂ ਪੋਲਿੰਗ ਪਾਰਟੀਆਂ ਦੀ ਰਿਹਰਸਲ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ, ਸ਼ਹਿਣਾ ਦੀ ਯੂਨੀਵਰਸਿਟੀ ਕਾਲਜ ਢਿੱਲਵਾਂ ਤੇ ਮਹਿਲ ਕਲਾਂ ਦੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਰਿਹਰਸਲ ਹੋਈ।
ਬਰਨਾਲਾ ਦੇ ਚੋਣ ਅਮਲੇ ਦੀ ਰਿਹਰਸਲ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਲਤੀਫ਼ ਅਹਿਮਦ ਅਤੇ ਐੱਸ ਡੀ ਐੱਮ ਬਰਨਾਲਾ ਗੁਰਬੀਰ ਸਿੰਘ ਕੋਹਲੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਮਾਸਟਰ ਟ੍ਰੇਨਰਾਂ ਅਤੇ ਸੈਕਟਰ ਅਫ਼ਸਰਾਂ ਵਲੋਂ ਪੀ ਆਰ ਓਜ਼, ਏ ਪੀ ਆਰ ਓਜ਼ ਸਮੇਤ ਪੋਲਿੰਗ ਪਾਰਟੀਆਂ ਨੂੰ ਬੈਲੇਟ ਬਕਸਿਆਂ, ਸਰਪੰਚਾਂ ਦੀ ਵੋਟ ਲਈ ਗੁਲਾਬੀ ਰੰਗ ਦੀ ਪਰਚੀ ਅਤੇ ਪੰਚਾਂ ਲਈ ਚਿੱਟੇ ਰੰਗ ਦੀ ਪਰਚੀ ਤੇ ਹੋਰ ਪੱਖਾਂ 'ਤੇ ਜਾਣਕਾਰੀ ਦਿੱਤੀ ਤਾਂ ਜੋ ਚੋਣ ਅਮਲ ਨੂੰ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ।