ਬਿਨਾਂ ਕਿਸੇ ਉਪਕਰਨਾਂ ਤੋਂ ਬਸੇਰਾ ਕਰ ਰਹੇ ਦਿਵਿਆਂਗਜਨ ਨੂੰ ਮੁਫ਼ਤ ਮਿਲੇ ਮੋਟਰਾਈਜ਼ਡ ਟ੍ਰਾਈਸਾਈਕਲ ਤੇ ਹੋਰ ਉਪਕਰਨ
*ਸੰਸਦ ਮੈਂਬਰ ਮੀਤ ਹੇਅਰ ਨੇ 35 ਲੱਖ ਦਾ ਸਮਾਨ 174 ਦਿਵਿਆਂਗ ਵਿਅਕਤੀਆਂ ਨੂੰ ਵੰਡਿਆ
*ਐਸਬੀਆਈਆਈ ਵਲੋਂ ਸੀ ਐੱਸ ਆਰ 'ਚੋਂ ਦਿੱਤਾ ਗਿਆ ਵਿੱਤੀ ਸਹਿਯੋਗ
ਬਰਨਾਲਾ, 9 ਜਨਵਰੀ
ਹਰਦਿਆਲ ਸਿੰਘ (45 ਸਾਲ) ਵਾਸੀ ਕਾਲੇਕੇ ਛੋਟੀ ਉਮਰ ਤੋਂ ਹੀ ਚੱਲਣ ਤੋਂ ਅਸਮਰੱਥ ਹੈ। ਨੀਲਮ ਰਾਣੀ (44 ਸਾਲ) ਪਤਨੀ ਕ੍ਰਿਸ਼ਨ ਸਿੰਘ ਵਾਸੀ ਰੂੜੇਕੇ ਕਲਾਂ ਨੂੰ ਵੀ ਬਚਪਨ ਤੋਂ ਹੀ ਚੱਲਣ ਵਿੱਚ ਦਿੱਕਤ ਹੋਣ ਕਰਕੇ ਉਹ ਕਦੇ ਬਿਨਾਂ ਐਮਰਜੈਂਸੀ ਤੋਂ ਘਰ ਤੋਂ ਬਾਹਰ ਨਹੀਂ ਜਾ ਸਕੀ, ਕਿਉੰਕਿ ਉਸਨੂੰ ਕਿਸੇ ਦਾ ਸਹਾਰਾ ਤੱਕਣਾ ਪੈਂਦਾ ਸੀ। ਜਰਨੈਲ ਸਿੰਘ ਵਾਸੀ ਮਸਤੂਆਣਾ ਸਾਹਿਬ ਲੱਕੜ ਦੇ ਰੇਹੜੇ ਸਹਾਰੇ ਚੱਲਦਾ ਸੀ। ਇਸੇ ਤਰ੍ਹਾਂ ਜਤਿੰਦਰ ਸਿੰਘ ਵਾਸੀ ਭੂਰੇ ਕੁੱਬੇ (24 ਸਾਲ) ਅੱਜ ਤੱਕ ਬਿਨਾਂ ਕਿਸੇ ਉਪਕਰਨ ਤੋਂ ਹੀ ਬਸੇਰਾ ਕਰ ਰਿਹਾ ਸੀ, ਅੱਜ ਇਨ੍ਹਾਂ ਨੂੰ ਮੋਟਰਾਈਜ਼ਡ ਟ੍ਰਾਈਸਾਈਕਲ ਮੁਫ਼ਤ ਮਿਲੇ। ਉਨ੍ਹਾਂ ਕਿਹਾ ਕਿ ਉਹ ਅੱਜ ਅਸਲ ਰੂਪ ਵਿਚ ਆਪਣੇ ਪੈਰਾਂ 'ਤੇ ਖੜ੍ਹੇ ਹੋ ਗਏ ਹਨ, ਕਿਉੰਕਿ ਉਨ੍ਹਾਂ ਨੂੰ ਹੁਣ ਕਿਸੇ ਦਾ ਸਹਾਰਾ ਨਹੀਂ ਤੱਕਣਾ ਪਵੇਗਾ।
ਅੱਜ ਇੱਥੇ ਕਪਿਲ ਪੈਲੇਸ ਵਿੱਚ ਸਟੇਟ ਬੈਂਕ ਆਫ ਇੰਡੀਆ ਅਤੇ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨ/ ਮਸਨੂਈ ਅੰਗ ਵੰਡਣ ਲਈ ਕੈਂਪ ਲਗਾਇਆ ਗਿਆ, ਜਿੱਥੇ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਰੀਬ 35 ਲੱਖ ਦਾ ਸਾਮਾਨ 174 ਦਿਵਿਆਂਗ ਵਿਅਕਤੀਆਂ ਨੂੰ ਵੰਡਿਆ। ਇਸ ਵਿੱਚ 26 ਮੋਟਰਾਈਜ਼ਡ ਟ੍ਰਾਈਸਾਈਕਲ (ਪ੍ਰਤੀ ਯੂਨਿਟ 58 ਹਜ਼ਾਰ ਦੀ ਕੀਮਤ ਵਾਲੇ), 5 ਜੁਆਏਸਟਿੱਕ ਵ੍ਹੀਲ ਚੇਅਰ (ਪ੍ਰਤੀ ਯੂਨਿਟ 72 ਹਜ਼ਾਰ ਦੀ ਕੀਮਤ ਵਾਲੇ), 80 ਸੁਣਨ ਵਾਲਿਆਂ ਮਸ਼ੀਨਾਂ ਸਮੇਤ 300 ਉਪਕਰਨ ਕੈਂਪ ਵਿੱਚ ਦਿੱਤੇ ਗਏ।
ਇਸ ਮੌਕੇ ਸ. ਮੀਤ ਹੇਅਰ ਨੇ ਕਿਹਾ ਕਿ ਇਹ ਸਾਰੇ ਵਿਅਕਤੀ ਮੇਰਾ ਪਰਿਵਾਰ ਹਨ ਅਤੇ ਇਹ ਹਮੇਸ਼ਾ ਇਨ੍ਹਾਂ ਕਈ ਹਾਜ਼ਰ ਹਨ ਤੇ ਕਿਸੇ ਵੀ ਦਿਵਿਆਂਗ ਵਿਅਕਤੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਟੇਟ ਬੈਂਕ ਆਫ ਇੰਡੀਆ ਦੀ ਟੀਮ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਉਪਰਾਲੇ ਲਈ ਵਿੱਤੀ ਸਹਿਯੋਗ ਦਿੱਤਾ ਹੈ।
ਇਸ ਮੌਕੇ ਡੀਜੀਐਮ (ਐਸਬੀਆਈ) ਅਭਿਸ਼ੇਕ ਕੁਮਾਰ ਸ਼ਰਮਾ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਵਲੋਂ ਸੀਐੱਸਆਰ ਫੰਡ ਵਿਚੋਂ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਤਪਾ ਵਿੱਚ ਕੈਂਪ ਲਾਇਆ ਗਿਆ ਹੈ ਅਤੇ ਭਲਕੇ ਚੰਨਣਵਾਲ ਵਿੱਚ ਮਹਿਲ ਕਲਾਂ ਬਲਾਕ ਦਾ ਕੈਂਪ ਲਾਇਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਸਮੇਂ ਸਮੇਂ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ ਜੋ ਕਿ ਆਉਂਦੇ ਸਮੇਂ ਵੀ ਜਾਰੀ ਰਹਿਣਗੇ।
ਇਸ ਮੌਕੇ ਸ. ਗੁਰਮੀਤ ਸਿੰਘ ਮੀਤ ਹੇਅਰ ਵਲੋਂ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਦਿਵਿਆਂਗ ਵਿਦਿਆਰਥੀ ਤਰਕ ਖਾਨ ਵਾਸੀ ਸ਼ਹਿਣਾ, ਜਗਦੀਪ ਸਿੰਘ ਵਾਸੀ ਵਿਧਾਤੇ, ਹਰਮਨ ਸਿੰਘ ਵਾਸੀ ਭਦੌੜ, ਕਰਨਾ ਰਾਮ ਵਾਸੀ ਮਹਿਲ ਕਲਾਂ, ਗਗਨਦੀਪ ਸਿੰਘ ਵਾਸੀ ਫਰਵਾਹੀ ਜਿਨ੍ਹਾਂ ਨੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ, ਦਾ ਸਨਮਾਨ ਕੀਤਾ। ਇਸ ਮੌਕੇ ਜਗਸੀਰ ਸਿੰਘ ਆਈਈਆਰਟੀ, ਸ੍ਰੀਮਤੀ ਦਵਿੰਦਰ ਕੌਰ, ਸ੍ਰੀਮਤੀ ਰੰਜੂ ਅਧਿਆਪਕਾਂ ਦਾ ਸਨਮਾਨ ਕੀਤਾ ਜੋ ਕਿ ਦਿਵਿਆਂਗ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਇਸ ਤੋਂ ਇਲਾਵਾ ਪਵਨ ਸੇਵਾ ਸਮਿਤੀ ਦੇ ਅਧਿਆਪਕ ਸਤਵੰਤ ਸਿੰਘ, ਸਿਵਲ ਸਰਜਨ ਦਫ਼ਤਰ ਵਿੱਚ ਸੇਵਾਵਾਂ ਨਿਭਾਅ ਰਹੇ ਕਸ਼ਮੀਰ ਸਿੰਘ, ਖੇਡਾਂ ਵਿਚ ਮੱਲਾਂ ਮਾਰਨ ਵਾਲੇ ਪਰਵੇਜ਼ ਖਾਨ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਸਹਿਤ ਰਤਨ ਓਮ ਪ੍ਰਕਾਸ਼ ਗਾਸੋ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਸ. ਹਰਿੰਦਰ ਸਿੰਘ ਧਾਲੀਵਾਲ, ਐੱਸ ਡੀ ਐਮ ਬਰਨਾਲਾ ਸ. ਗੁਰਬੀਰ ਸਿੰਘ ਕੋਹਲੀ, ਰੀਜਨਲ ਮੈਨੇਜਰ ਐੱਸ ਬੀ ਆਈ ਕ੍ਰਿਸ਼ਨ ਕੁਮਾਰ ਧੌਲੀਆ, ਅਲਿਮਕੋ ਤੋਂ ਮੈਡਮ ਕਨਿਕਾ ਅਤੇ ਸਟਾਫ਼, ਸੀ ਡੀ ਪੀ ਓ ਹਰਮੀਤ ਕੌਰ, ਆਂਗਣਵਾੜੀ ਸੁਪਰਵਾਈਜ਼ਰ ਅਤੇ ਵਰਕਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਦਾ ਸਟਾਫ਼, ਰੈੱਡ ਕਰਾਸ ਦਾ ਸਟਾਫ਼ ਤੇ ਹੋਰ ਪਤਵੰਤੇ ਹਾਜ਼ਰ ਸਨ।