ਯੁੱਧ ਨਸ਼ਿਆਂ ਵਿਰੁੱਧ: ਬਰਨਾਲਾ ਪੁਲਿਸ ਨੇ ਚਲਾਇਆ ਵੱਡਾ ਤਲਾਸ਼ੀ ਅਭਿਆਨ; 4 ਮੁਕੱਦਮੇ ਦਰਜ, 5 ਮੁਲਜ਼ਮ ਗ੍ਰਿਫਤਾਰ


*ਐੱਸ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ ਦੀ ਕਮਾਨ ਹੇਠ 250 ਪੁਲੀਸ ਮੁਲਾਜ਼ਮਾਂ ਨੇ ਸਾਂਭਿਆ ਮੋਰਚਾ
*2 ਐੱਸ ਪੀ ਅਤੇ 5 ਡੀ ਐੱਸ ਪੀ ਰੈਂਕ ਦੇ ਅਫ਼ਸਰਾਂ ਨੇ ਕੀਤੀ ਮੁਹਿੰਮ ਦੀ ਅਗਵਾਈ
* ਸ਼ੱਕੀ ਥਾਵਾਂ 'ਤੇ ਕੀਤੀ ਗਈ ਚੈਕਿੰਗ, 300 ਨਸ਼ੀਲੀਆਂ ਗੋਲੀਆਂ, 2615 ਨਸ਼ੀਲੇ ਕੈਪਸੂਲ ਬਰਾਮਦ
ਬਰਨਾਲਾ, 1 ਮਾਰਚ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਬਰਨਾਲਾ ਵਿੱਚ ਮੁਹੰਮਦ ਸਰਫਰਾਜ਼ ਆਲਮ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ 'ਤੇ ਘੇਰਾਬੰਦੀ ਕਰਕੇ ਸ਼ੱਕੀ ਥਾਵਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ।
ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਬਰਨਾਲਾ ਅਤੇ ਸਮੂਹ ਥਾਣਿਆਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਸ ਵਿੱਚ 2 ਐੱਸ.ਪੀਜ਼. ਅਤੇ 05 ਡੀ.ਐੱਸ.ਪੀਜ਼. ਸਮੇਤ ਕਰੀਬ 250 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। ਇਸ ਦੌਰਾਨ ਵੱਖ-ਵੱਖ ਡਰੱਗ ਹਾਟਸਪਾਟ ਜਿਵੇਂ ਸੈਂਸੀ ਬਸਤੀ ਬੈਕ ਸਾਇਡ ਬੱਸ ਸਟੈਂਡ, ਬਰਨਾਲਾ, ਸੈਂਸੀ ਬਸਤੀ ਬੈਕ ਸਾਇਡ ਰਾਮਬਾਗ ਰੋਡ, ਬਰਨਾਲਾ ਆਦਿ ਥਾਵਾਂ 'ਤੇ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਗਈ। ਇਸ ਤੋਂ ਇਲਾਵਾ ਨਾਕਾਬੰਦੀ ਕਰਕੇ ਜ਼ਿਲ੍ਹਾ ਬਰਨਾਲਾ ਅੰਦਰ ਵੱਖ-ਵੱਖ ਰਸਤਿਆਂ 'ਤੇ ਆਉਣ-ਜਾਣ ਵਾਲੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰਵਾਈ ਗਈ। ਇਹ ਅਭਿਆਨ ਕਰੀਬ 3 ਘੰਟਿਆਂ ਤੱਕ ਚੱਲਿਆ।
ਐੱਸ.ਐੱਸ.ਪੀ. ਬਰਨਾਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ ਜਿਸ ਤਹਿਤ ਨਸ਼ਾ ਸਮੱਗਲਰਾਂ ਵੱਲੋਂ ਬਣਾਈ ਗਈ ਅਣ ਅਧਿਕਾਰਤ ਜਾਇਦਾਦ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 'ਸੇਫ਼ ਪੰਜਾਬ' ਤਹਿਤ ਬਰਨਾਲਾ ਪੁਲਿਸ ਵੱਲੋਂ ਜਾਰੀ ਡਰੱਗ ਹੈਲਪਲਾਇਨ ਨੰਬਰ 97791-00200 ਬਾਰੇ ਆਮ ਲੋਕਾ ਨੂੰ ਜਾਣੂ ਕਰਾਇਆ ਗਿਆ।
ਬਰਨਾਲਾ ਪੁਲਿਸ ਵੱਲੋਂ ਚਲਾਏ ਗਏ ਵਿਸ਼ੇਸ਼ ਅਭਿਆਨ ਦੌਰਾਨ 4 ਮੁਕੱਦਮੇ ਦਰਜ ਕਰਕੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ 300 ਨਸ਼ੀਲੀਆਂ ਗੋਲੀਆਂ, 2615 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 1 ਵਾਹਨ ਜ਼ਬਤ ਕੀਤਾ ਗਿਆ ਅਤੇ ਇਕ ਪੀ.ਓ. ਗ੍ਰਿਫ਼ਤਾਰ ਕੀਤਾ।
ਐੱਸ ਐੱਸ ਪੀ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਇਸ ਵਿਸ਼ੇਸ਼ ਮੁਹਿੰਮ ਵਿੱਚ ਬਰਨਾਲਾ ਪੁਲਿਸ ਦਾ ਵੱਧ ਤੋਂ ਵੱਧ ਸਾਥ ਦੇਣ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ।