ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ 160 ਦਿਵਿਆਂਗਜਨ ਨੂੰ 35 ਲੱਖ ਦੇ ਸਹਾਇਕ ਉਪਕਰਨ ਵੰਡੇ
ਮਹਿਲ ਕਲਾਂ/ਬਰਨਾਲਾ, 10 ਜਨਵਰੀ
ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪਿੰਡ ਚੰਨਣਵਾਲ ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਸੀਐੱਸਆਰ ਪ੍ਰੋਗਰਾਮ ਤਹਿਤ ਅਤੇ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨ/ ਮਸਨੂਈ ਅੰਗ ਵੰਡਣ ਲਈ ਕੈਂਪ ਲਗਾਇਆ ਗਿਆ, ਜਿੱਥੇ ਵਿਧਾਇਕ ਮਹਿਲ ਕਲਾਂ ਅਤੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਸ. ਕੁਲਵੰਤ ਸਿੰਘ ਪੰਡੋਰੀ ਮੁੱਖ ਮਹਿਮਾਨ ਵਜੋਂ ਪੁੱਜੇ, ਜਿਨ੍ਹਾਂ ਨੇ ਕਰੀਬ 35 ਲੱਖ ਦਾ ਸਾਮਾਨ 160 ਦਿਵਿਆਂਗ ਵਿਅਕਤੀਆਂ ਨੂੰ ਵੰਡਿਆ।
ਇਸ ਵਿੱਚ 27 ਮੋਟਰਾਈਜ਼ਡ ਟ੍ਰਾਈਸਾਈਕਲ (ਪ੍ਰਤੀ ਯੂਨਿਟ 58 ਹਜ਼ਾਰ ਦੀ ਕੀਮਤ ਵਾਲੇ), 2 ਜੁਆਏਸਟਿੱਕ ਵ੍ਹੀਲ ਚੇਅਰ (ਪ੍ਰਤੀ ਯੂਨਿਟ 72 ਹਜ਼ਾਰ ਦੀ ਕੀਮਤ ਵਾਲੇ), 88 ਸੁਣਨ ਵਾਲਿਆਂ ਮਸ਼ੀਨਾਂ ਸਮੇਤ 368 ਸਹਾਇਕ ਉਪਕਰਨ ਕੈਂਪ ਵਿੱਚ ਲਾਭਪਾਤਰੀਆਂ ਨੂੰ ਦਿੱਤੇ।
ਇਸ ਮੌਕੇ ਸ. ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਐੱਸ ਬੀ ਆਈ ਦੇ ਸਹਿਯੋਗ ਨਾਲ ਇਹ ਵਧੀਆ ਉਪਰਾਲਾ ਕੀਤਾ ਗਿਆ ਹੈ ਜੋ ਕਿ ਪੁੰਨ ਦਾ ਕਾਰਜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਲਈ ਸਕੀਮਾਂ ਨੂੰ ਜ਼ਮੀਨੀ ਪੱਧਰ 'ਤੇ ਪਹੁੰਚਾਇਆ ਜਾ ਰਿਹਾ ਹੈ। ਸਰਕਾਰ ਵਲੋਂ ਜਿੱਥੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਓਥੇ ਕਰੋੜਾਂ ਦੇ ਵਿਕਾਸ ਕਾਰਜ ਕਰਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਮਹਿਲ ਕਲਾਂ ਵਿੱਚ ਵੀ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਚੰਨਣਵਾਲ ਵਿੱਚ ਵੀ ਕਰੀਬ ਇਕ ਕਰੋੜ ਰੁਪਏ ਦੇ ਕੰਮ ਜਲਦੀ ਸ਼ੁਰੂ ਕਰਾਏ ਜਾ ਰਹੇ ਹਨ।
ਇਸ ਮੌਕੇ ਪਵਨ ਕੁਮਾਰ ਚੀਫ਼ ਮੈਨੇਜਰ ਆਰ ਬੀ ਦਫ਼ਤਰ (ਐੱਸ ਬੀ ਆਈ) ਬਰਨਾਲਾ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਵਲੋਂ ਸੀਐੱਸਆਰ ਫੰਡ ਵਿਚੋਂ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਤਪਾ ਅਤੇ ਬਰਨਾਲਾ ਵਿੱਚ ਕੈਂਪ ਲਾਇਆ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਆਉਂਦੇ ਸਮੇਂ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜ) ਸਹਿਤ ਐੱਸ ਡੀ ਐੱਮ ਮਹਿਲ ਕਲਾਂ ਹਰਕੰਵਲਜੀਤ ਸਿੰਘ ਨੇ ਵੀ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਲੀਡ ਜ਼ਿਲ੍ਹਾ ਮੈਨੇਜਰ ਐੱਸ ਬੀ ਆਈ ਗੁਰਪਰਮਿੰਦਰ ਸਿੰਘ ਨੇ ਕਿਹਾ ਕਿ ਐੱਸ ਬੀ ਆਈ ਵਲੋਂ ਅਜਿਹੇ ਸਮਾਜ ਭਲਾਈ ਦੇ ਕਾਰਜਾਂ ਲਈ ਸਮੇਂ ਸਮੇਂ 'ਤੇ ਫੰਡ ਦਿੱਤੇ ਜਾਂਦੇ ਹਨ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ।
ਇਸ ਮੌਕੇ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਅਤੇ ਅਲਿਮਕੋ ਤੋਂ ਮੈਡਮ ਕਨਿਕਾ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ ਬੀ ਆਈ ਦੇ ਐਚ ਆਰ ਮੈਨੇਜਰ ਵਿਪਨ ਕੁਮਾਰ ਖੁੱਲਰ, ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਸੀ ਡੀ ਪੀ ਓ ਹਰਮੀਤ ਕੌਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪੀ ਏ ਹਰਮਨ ਸਿੰਘ ਅਤੇ ਲਖਬੀਰ ਸਿੰਘ (ਸੇਵਾਮੁਕਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ), ਪੁਲਿਸ ਅਧਿਕਾਰੀ, ਆਂਗਣਵਾੜੀ ਸੁਪਰਵਾਈਜ਼ਰ ਅਤੇ ਵਰਕਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਦਾ ਸਟਾਫ਼, ਰੈੱਡ ਕਰਾਸ ਦਾ ਸਟਾਫ਼ ਤੇ ਹੋਰ ਪਤਵੰਤੇ ਹਾਜ਼ਰ ਸਨ।