ਸੜਕੀ ਹਾਦਸੇ: ਜ਼ਖ਼ਮੀਆਂ ਦੀਆਂ ਜਾਨਾਂ ਬਚਾਉਣ 'ਚ ਸਹਾਈ ਹੋ ਰਹੀਆਂ ਹਨ ਪੰਜਾਬ ਸਰਕਾਰ ਦੀਆਂ ਸਕੀਮਾਂ



ਸੜਕੀ ਹਾਦਸੇ: ਜ਼ਖ਼ਮੀਆਂ ਦੀਆਂ ਜਾਨਾਂ ਬਚਾਉਣ 'ਚ ਸਹਾਈ ਹੋ ਰਹੀਆਂ ਹਨ ਪੰਜਾਬ ਸਰਕਾਰ ਦੀਆਂ ਸਕੀਮਾਂ
*ਫ਼ਰਿਸ਼ਤੇ ਸਕੀਮ ਅਤੇ ਸੜਕ ਸੁਰੱਖਿਆ ਫੋਰਸ ਰਾਹੀਂ ਦਿੱਤੀ ਜਾ ਰਹੀ ਹੈ ਮਦਦ
*ਐੱਸ ਐੱਸ ਐੱਫ ਨੇ ਦਸੰਬਰ ਤੱਕ 669 ਘਟਨਾਵਾਂ 'ਤੇ ਪੁੱਜ ਕੇ 542 ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ
ਬਰਨਾਲਾ, 29 ਜਨਵਰੀ
ਸੜਕ ਹਾਦਸਿਆਂ ਵਿੱਚ ਜ਼ਖ਼ਮੀਆਂ ਨੂੰ ਫੌਰੀ ਮੁਢਲੀ ਅਤੇ ਡਾਕਟਰੀ ਸਹਾਇਤਾ ਮੁਹਈਆ ਕਰਵਾ ਕੇ ਕੀਮਤੀ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਫ਼ਰਿਸ਼ਤੇ ਸਕੀਮ' ਅਤੇ 'ਸੜਕ ਸੁਰਖਿਆ ਫੋਰਸ' ਸਹਾਈ ਸਾਬਿਤ ਹੋ ਰਹੀਆਂ ਹਨ।
ਫ਼ਰਿਸ਼ਤੇ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਰਿਸ਼ਤੇ ਸਕੀਮ ਅਧੀਨ ਸੜਕ ਹਾਦਸਿਆਂ ਵਿੱਚ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੂੰ ਦੋ ਹਜ਼ਾਰ ਰੁਪਏ ਇਨਾਮ ਦੇ ਨਾਲ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ (ਇੰਚਾਰਜ) ਡਾ. ਜਯੋਤੀ ਕੌਸ਼ਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਦੇ 6 ਸਰਕਾਰੀ ਹਸਪਤਾਲਾਂ ਤੋਂ ਇਲਾਵਾ 5 ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ। ਸਰਕਾਰੀ ਹਸਪਤਾਲਾਂ ਵਿੱਚ ਸਿਵਲ ਹਸਪਤਾਲ ਬਰਨਾਲਾ, ਸਬ ਡਵੀਜ਼ਨਲ ਹਸਪਤਾਲ ਤਪਾ, ਸੀ ਐਚ ਸੀ ਧਨੌਲਾ, ਸੀ ਐਚ ਸੀ ਮਹਿਲ ਕਲਾਂ, ਸੀ ਐਚ ਸੀ ਚੰਨਣਵਾਲ ਅਤੇ ਸੀ ਐਚ ਸੀ ਭਦੌੜ ਹਨ, ਜਦੋਂਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਬੀ ਐਮ ਸੀ ਸੁਪਰ ਸਪੈਸ਼ਲਿਟੀ ਹਸਪਤਾਲ ਬਰਨਾਲਾ, ਡਾ. ਪਰਦੀਪ ਸ਼ਰਮਾ ਹਸਪਤਾਲ, ਹਰੀ ਓਮ ਹਸਪਤਾਲ, ਭੀਮ ਨਰਸਿੰਗ ਹੋਮ, ਡਾ. ਨਰੇਸ਼ ਹਸਪਤਾਲ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਫਰਿਸ਼ਤੇ ਸਕੀਮ ਅਧੀਨ ਪੰਜਾਬ ਦੇ ਸਮੂਹ ਸੂਚੀਬੱਧ ਹਸਪਤਾਲਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ sha.punjab.gov.in 'ਤੇ ਉਪਲੱਬਧ ਹੈ।
ਸੜਕ ਸੁਰਖਿਆ ਫੋਰਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲੀਸ ਮੁਖੀ ਬਰਨਾਲਾ ਸ੍ਰੀ ਸੰਦੀਪ ਮਲਿਕ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੜਕ ਹਾਦਸੇ ਰੋਕਣ ਲਈ 'ਸੜਕ ਸੁਰੱਖਿਆ ਫੋਰਸ' ਸਥਾਪਿਤ ਕੀਤੀ ਗਈ ਹੈ, ਜਿਸ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ 7 ਗੱਡੀਆਂ 24x7 ਡਿਊਟੀ 'ਤੇ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਲ 2024 ਵਿੱਚ 'ਸੜਕ ਸੁਰੱਖਿਆ ਫੋਰਸ' ਸਥਾਪਿਤ ਹੋਣ ਮਗਰੋਂ ਇਸ ਫੋਰਸ ਨੇ ਦਸੰਬਰ 2024 ਤੱਕ 669 ਘਟਨਾਵਾਂ ਮੌਕੇ ਪੁੱਜ ਕੇ 542 ਜ਼ਖ਼ਮੀਆਂ ਨੂੰ ਮੁਢਲੀ ਸਹਾਇਤਾ ਦੇ ਕੇ ਹਸਪਤਾਲ ਦਾਖ਼ਲ ਕਰਵਾ ਕੇ ਜਾਨਾਂ ਬਚਾਈਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਵਿੱਚ ਐਮਰਜੈਂਸੀ ਰਿਸਪੋਂਸ ਵ੍ਹੀਕਲ' - 112 ਤਹਿਤ ਲੋਕਾਂ ਦੀ ਸੁਰੱਖਿਆ ਲਈ 6 ਗੱਡੀਆਂ ਸਮੇਤ ਕਰਮਚਾਰੀ ਡਿਊਟੀ 'ਤੇ ਲਗਾਏ ਗਏ ਹਨ ਅਤੇ ਸ਼ਹਿਰ ਬਰਨਾਲਾ ਵਿੱਚ 5 ਪੀ ਸੀ ਆਰ ਪਾਰਟੀਆਂ ਨਿਯੁਕਤ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਫਰਿਸ਼ਤੇ ਸਕੀਮ ਅਧੀਨ ਪੰਜਾਬ ਦੇ ਸਮੂਹ ਸੂਚੀਬੱਧ ਹਸਪਤਾਲਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ sha.punjab.gov.in 'ਤੇ ਉਪਲੱਬਧ ਹੈ।