163 ਦਿਵਿਆਂਗਜਨਾਂ ਨੂੰ 38.92 ਲੱਖ ਦੇ ਸਹਾਇਕ ਉਪਕਰਨ ਵੰਡੇ
ਤਪਾ, 8 ਜਨਵਰੀ
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ - ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਦਿਵਿਆਂਗਜਨਾਂ ਨੂੰ ਨਕਲੀ ਅੰਗ ਅਤੇ ਸਹਾਇਕ ਉਪਕਰਨ ਵੰਡਣ ਲਈ ਤਿੰਨ ਦਿਨ ਦੇ ਬਲਾਕ ਪੱਧਰੀ ਕੈਂਪ ਐੱਸਬੀਆਈ ਅਤੇ ਅਲਿਮਕੋ ਦੇ ਸਹਿਯੋਗ ਨਾਲ ਅੱਜ ਸ਼ੁਰੂ ਹੋ ਗਏ ਹਨ।
ਅੱਜ ਬਲਾਕ ਸ਼ਹਿਣਾ ਦਾ ਕੈਂਪ ਵਿਧਾਇਕ ਸ. ਲਾਭ ਸਿੰਘ ਉੱਗੋਕੇ ਦੀ ਅਗਵਾਈ ਹੇਠ ਐੱਸਡੀਐਮ ਦਫ਼ਤਰ ਤਪਾ ਵਿੱਚ ਲਾਇਆ ਗਿਆ, ਜਿਸ ਵਿੱਚ ਉਪ ਮੰਡਲ ਮੈਜਿਸਟ੍ਰੇਟ ਤਪਾ ਸ੍ਰੀ ਰਿਸ਼ਭ ਬਾਂਸਲ ਅਤੇ ਹੋਰ ਪਤਵੰਤਿਆਂ ਨੇ 163 ਦਿਵਿਆਂਗਜਨਾਂ ਨੂੰ 297 ਸਹਾਇਕ ਉਪਕਰਨਾਂ/ਨਕਲੀ ਅੰਗਾਂ ਦੀ ਵੰਡ ਕੀਤੀ।
ਇਸ ਮੌਕੇ ਸੰਬੋਧਨ ਕਰਦੇ ਹੋਏ ਐੱਸਡੀਐਮ ਸ੍ਰੀ ਰਿਸ਼ਭ ਬਾਂਸਲ ਨੇ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਜਿਹੇ ਕੈਂਪ ਮੁਫ਼ਤ ਲਗਾਏ ਜਾਂਦੇ ਹਨ ਤਾਂ ਜੋ ਦਿਵਿਆਂਗਜਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਐੱਸ ਬੀ ਆਈ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੀ ਐੱਸ ਆਰ ਫੰਡ ਵਿਚੋਂ ਲੱਖਾਂ ਦਾ ਇਹ ਸਮਾਨ ਸਪਾਂਸਰ ਕੀਤਾ।
ਇਸ ਮੌਕੇ 34 ਦਿਵਿਆਂਗਜਨਾਂ ਨੂੰ ਮੋਟਰ ਵਾਲੇ ਟਰਾਈਸਾਈਕਲ, 44 ਸੁਣਨ ਵਾਲੀਆਂ ਮਸ਼ੀਨਾਂ, 2 ਸਮਾਰਟ ਕੇਨ ਸਟਿੱਕ, 18 ਵਾਕਿੰਗ ਸਟਿਕਸ, 20 ਵ੍ਹੀਲ ਚੇਅਰ, 35 ਟਰਾਈਸਾਈਕਲ ਵੰਡੇ ਗਏ। ਇਸ ਤੋਂ ਇਲਾਵਾ 30 ਵਿਅਕਤੀਆਂ ਦੇ ਨਕਲੀ ਅੰਗ ਲਾਏ ਗਏ। ਇਸ ਮੌਕੇ ਕਰੀਬ 38.92 ਲੱਖ ਦਾ ਸਮਾਨ ਵੰਡਿਆ ਗਿਆ।
ਇਸ ਮੌਕੇ ਡੀ ਐਸ ਪੀ ਤਪਾ ਬਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਦਿਵਿਆਂਗਜਨਾਂ ਦੀ ਭਲਾਈ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਲਾਕ ਪੱਧਰ 'ਤੇ ਅਸੈਸਮੈਂਟ ਕੈਂਪ ਲਾਏ ਗਏ ਹਨ ਅਤੇ ਦਿਵਿਆਂਗਜਨਾਂ ਨੂੰ ਨਕਲੀ ਅੰਗ ਅਤੇ ਸਹਾਇਕ ਉਪਕਰਨ ਮੁਫ਼ਤ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਭਲਕੇ ਬਲਾਕ ਬਰਨਾਲਾ ਦਾ ਕੈਂਪ ਕਪਿਲ ਪੈਲੇਸ ਵਿੱਚ ਲਾਇਆ ਜਾਵੇਗਾ।
ਇਸ ਮੌਕੇ ਐੱਸ ਬੀ ਆਈ ਦੇ ਰੀਜਨਲ ਮੈਨੇਜਰ ਕ੍ਰਿਸ਼ਨ ਕੁਮਾਰ, ਲੀਡ ਬੈਂਕ ਮੈਨੇਜਰ ਗੁਰਪਰਮਿੰਦਰ ਸਿੰਘ, ਅਲਿਮਕੋ ਤੋਂ ਮੈਡਮ ਕਨਿਕਾ ਅਤੇ ਸਟਾਫ਼, ਸੀ ਡੀ ਪੀ ਓ ਹਰਮੀਤ ਕੌਰ, ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਦੇ ਪੀ ਏ ਸੁਰਿੰਦਰ ਸਿੰਘ ਅਤੇ ਹੋਰ 'ਆਪ' ਆਗੂ, ਆਂਗਣਵਾੜੀ ਸੁਪਰਵਾਈਜ਼ਰ ਅਤੇ ਵਰਕਰ ਤੇ ਹੋਰ ਪਤਵੰਤੇ ਹਾਜ਼ਰ ਸਨ।