ਪਰਾਲੀ ਸਾੜਨ ਵਿਰੁੱਧ ਮੁਹਿੰਮ: ਸਹਿਕਾਰੀ ਸਭਾਵਾਂ ਅਧੀਨ ਮਸ਼ੀਨਰੀ ਦੀਆਂ ਸੂਚੀਆਂ ਪਿੰਡਵਾਰ ਵੰਡੀਆਂ ਜਾਣਗੀਆਂ: ਡਿਪਟੀ ਕਮਿਸ਼ਨਰ
ਪਰਾਲੀ ਸਾੜਨ ਵਿਰੁੱਧ ਮੁਹਿੰਮ: ਸਹਿਕਾਰੀ ਸਭਾਵਾਂ ਅਧੀਨ ਮਸ਼ੀਨਰੀ ਦੀਆਂ ਸੂਚੀਆਂ ਪਿੰਡਵਾਰ ਵੰਡੀਆਂ ਜਾਣਗੀਆਂ: ਡਿਪਟੀ ਕਮਿਸ਼ਨਰ
* ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਗਠਿਤ
ਬਰਨਾਲਾ, 25 ਸਤੰਬਰ
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਪਿੰਡ ਵਿੱਚ ਸਹਿਕਾਰੀ ਸਭਾਵਾਂ ਕੋਲ ਮੌਜੂਦ ਖੇਤੀ ਮਸ਼ੀਨਰੀ ਦੀਆਂ ਸੂਚੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਸੂਚੀਆਂ ਕਿਸਾਨਾਂ, ਪਿੰਡਾਂ ਵਿੱਚ ਤੈਨਾਤ ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਨੂੰ ਉਪਲਬਧ ਕਰਵਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੁਨਮਦੀਪ ਕੌਰ ਨੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੀ ਟੀਮਾਂ ਵਿੱਚ ਤਾਲਮੇਲ ਨੂੰ ਯਕੀਨੀ ਬਣਾਉਣ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਮੁਹਿੰਮ ਤਹਿਤ ਕੀਤੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਪ੍ਰਗਟਾਵਾ ਕੀਤਾ। ਇਸ ਮੌਕੇ ਐਸਐਸਪੀ ਸੰਦੀਪ ਮਲਿਕ ਵੀ ਮੌਜੂਦ ਸਨ।
ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸੂਚੀਆਂ ਦੀਆਂ 1000 ਤੋਂ ਵੱਧ ਕਾਪੀਆਂ ਛਪਵਾਈਆਂ ਜਾਣ ਤਾਂ ਜੋ ਕਿਸਾਨ ਆਪਣੇ ਖੇਤਾਂ ਦੇ ਨੇੜੇ ਉਪਲਬਧ ਮਸ਼ੀਨਰੀ ਬਾਰੇ ਚੰਗੀ ਤਰ੍ਹਾਂ ਜਾਣੂ ਹੋ ਸਕਣ। ਜ਼ਿਲ੍ਹੇ ਵਿੱਚ ਸ਼ਨਾਖਤ ਕੀਤੇ ਗਏ 25 ਹੌਟਸਪੌਟ ਪਿੰਡਾਂ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਖੇਤਾਂ 'ਤੇ ਪੂਰੀ ਨਜ਼ਰ ਰੱਖੀ ਜਾਵੇ ਤਾਂ ਜੋ ਅੱਗ ਲੱਗਣ ਦੀ ਕੋਈ ਘਟਨਾ ਨਾ ਵਾਪਰੇ।
ਡਿਪਟੀ ਕਮਿਸ਼ਨਰ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨਾਲ ਤਾਲਮੇਲ ਬਣਾਈ ਰੱਖਣ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਹੀ ਪਿੰਡ ਵਾਰ ਵਟਸਐਪ ਗਰੁੱਪ ਬਣਾਏ ਜਾ ਰਹੇ ਹਨ ਜਿਸ ਵਿੱਚ ਕਿਸਾਨ, ਖੇਤੀਬਾੜੀ ਅਧਿਕਾਰੀ, ਸਿਵਲ ਅਤੇ ਪੁਲਿਸ ਅਧਿਕਾਰੀ ਸ਼ਾਮਲ ਹੋਣਗੇ ਜੋ ਮਿਲ ਕੇ ਅੱਗ ਲੱਗਣ ਦੇ ਮਾਮਲਿਆਂ 'ਤੇ ਨਜ਼ਰ ਰੱਖਣਗੇ।
ਐਸ.ਐਸ.ਪੀ ਸ੍ਰੀ ਸੰਦੀਪ ਮਲਿਕ ਨੇ ਪੁਲਿਸ ਨੂੰ ਕਿਹਾ ਕਿ ਸਬੰਧਤ ਪਿੰਡ ਵਿੱਚ ਪਰਾਲੀ ਸਾੜਨ ਦੀ ਕੋਈ ਘਟਨਾ ਨਾ ਵਾਪਰੇ।
ਇਸ ਤੋਂ ਇਲਾਵਾ ਅਧਿਕਾਰੀਆਂ ਨੇ ਕਿਹਾ ਕਿ ਆੜਤੀਆਂ, ਕਿਸਾਨਾਂ ਅਤੇ ਹੋਰ ਧਿਰਾਂ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਕੂਲ ਪੱਧਰ 'ਤੇ ਜਾਗਰੂਕਤਾ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਜੋ ਬੱਚਿਆਂ ਦੁਆਰਾ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਸੰਦੇਸ਼ ਘਰ ਘਰ ਪਹੁੰਚਾਇਆ ਜਾ ਸਕੇ।
ਇਸ ਮੌਕੇ ਏਡੀਸੀ (ਜੀ) ਲਤੀਫ਼ ਅਹਿਮਦ, ਏਡੀਸੀ (ਵਿਕਾਸ) ਸਤਵੰਤ ਸਿੰਘ, ਐਸਡੀਐਮ ਬਰਨਾਲਾ ਗੁਰਬੀਰ ਸਿੰਘ ਕੋਹਲੀ, ਐਸਡੀਐਮ ਮਹਿਲ ਕਲਾਂ ਹਰਕੰਵਲਜੀਤ ਸਿੰਘ, ਐਸਡੀਐਮ ਤਪਾ ਰਿਸ਼ਭ, ਐਸਪੀ (ਐਚ) ਹੰਸ ਰਾਜ, ਐਸਪੀ ਗੁਰਜੋਤ ਸਿੰਘ, ਡੀਐਸਪੀ ਪਰਮਜੀਤ ਸਿੰਘ ਡੋਡ, ਡੀਐਸਪੀ ਸਤਵੀਰ ਸਿੰਘ, ਡਾ. ਕਮਲਜੀਤ ਸਿੰਘ, ਬਲਜੀਤ ਸਿੰਘ ਐਸ.ਐਚ.ਓਜ਼ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।