ਯੁੱਧ ਨਸ਼ਿਆਂ ਵਿਰੁੱਧ: ਹਰ ਪਿੰਡ ਵਿੱਚ ਬਣੇਗੀ 15 ਮੈਂਬਰੀ ਸਿਹਤ ਕਮੇਟੀ: ਡਾ. ਬਲਬੀਰ ਸਿੰਘ


ਯੁੱਧ ਨਸ਼ਿਆਂ ਵਿਰੁੱਧ: ਹਰ ਪਿੰਡ ਵਿੱਚ ਬਣੇਗੀ 15 ਮੈਂਬਰੀ ਸਿਹਤ ਕਮੇਟੀ: ਡਾ. ਬਲਬੀਰ ਸਿੰਘ
*ਸਾਰੇ ਨਸ਼ਾ ਛੁਡਾਊ ਕੇਂਦਰਾਂ, ਓਟ ਕਲੀਨਿਕਾਂ ਅਤੇ ਮੁਹੱਲਿਆਂ ਵਿੱਚ ਬਣਨਗੇ ਸਪੋਰਟ ਗਰੁੱਪ
*ਸਿਹਤ ਮੰਤਰੀ ਦੀ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਚਿਤਾਵਨੀ, ਨਸ਼ਾ ਛੁਡਾਊ ਕੇਂਦਰਾਂ ਦੀ ਆੜ੍ਹ ਹੇਠ ਨਸ਼ਿਆਂ ਦਾ ਕਾਰੋਬਾਰ ਬਰਦਾਸ਼ਤ ਨਹੀਂ
* ਜ਼ਿੰਮੇਵਾਰੀ ਤੋਂ ਭੱਜਣਗੇ ਵਾਲਿਆਂ ਖ਼ਿਲਾਫ਼ ਲਿਆ ਜਾਵੇਗਾ ਸਖ਼ਤ ਐਕਸ਼ਨ
ਬਰਨਾਲਾ, 7 ਮਾਰਚ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ ''ਯੁੱਧ ਨਸ਼ਿਆਂ ਵਿਰੁੱਧ" ਤਹਿਤ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਦੋ ਧਾਰੀ ਨੀਤੀ ਅਪਣਾਈ ਜਾਵੇਗੀ, ਜਿਸ ਤਹਿਤ ਨਸ਼ਾ ਕਰਨ ਵਾਲਿਆਂ ਦਾ ਨਸ਼ਾ ਛੁਡਾਇਆ ਜਾਵੇਗਾ ਅਤੇ ਨਸ਼ਿਆਂ ਦੇ ਵਪਾਰੀਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ। ਹਰ ਪਿੰਡ ਵਿੱਚ 15 ਮੈਂਬਰੀ ਸਿਹਤ ਕਮੇਟੀ ਬਣਾਈ ਜਾਵੇਗੀ, ਓਥੇ ਹੀ ਹਰ ਨਸ਼ਾ ਛੁਡਾਊ ਕੇਂਦਰ ਅਤੇ ਓਟ ਕਲੀਨਿਕ ਵਿੱਚ 'ਸਪੋਰਟ ਗਰੁੱਪ' ਬਣਾਏ ਜਾਣਗੇ।
ਇਹ ਪ੍ਰਗਟਾਵਾ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਬਰਨਾਲਾ ਵਿੱਚ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਦੇ ਦੌਰੇ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ ''ਯੁੱਧ ਨਸ਼ਿਆਂ ਵਿਰੁੱਧ" ਤਹਿਤ ਦੋ ਧਾਰੀ ਨੀਤੀ ਅਪਣਾਈ ਜਾ ਰਹੀ ਹੈ।ਇਸ ਤਹਿਤ ਜਿੱਥੇ ਨਸ਼ਾ ਕਰਨ ਵਾਲਿਆਂ ਦਾ ਨਸ਼ਾ ਘਟਾ ਕੇ ਉਨ੍ਹਾਂ ਨੂੰ ਰੋਜ਼ਗਾਰ/ ਸਵੈ ਰੋਜ਼ਗਾਰ 'ਤੇ ਲਾ ਕੇ ਨਸ਼ਾ ਮੁਕਤ ਕੀਤਾ ਜਾਵੇਗਾ, ਓਥੇ ਹੀ ਨਸ਼ੇ ਦੇ ਵਪਾਰੀਆਂ ਉੱਤੇ ਸਖ਼ਤੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ੇ ਦੇ ਵਪਾਰੀਆਂ ਨੂੰ ਪੰਜਾਬ ਸਰਕਾਰ ਦੀ ਸਖ਼ਤ ਚਿਤਾਵਨੀ ਹੈ ਕਿ ਉਹ ਜਾਂ ਤਾਂ ਜੇਲ੍ਹਾਂ ਵਿਚ ਜਾਣਗੇ ਜਾਂ ਪੰਜਾਬ ਛੱਡ ਜਾਣਗੇ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲਿਆਂ ਔਰਤਾਂ ਲਈ ਵੱਖਰੇ ਵਾਰਡ ਬਣਾਏ ਜਾਣਗੇ ਤੇ ਉਨ੍ਹਾਂ ਦਾ ਸਨਮਾਨ ਸਹਿਤ ਇਲਾਜ ਕਰਕੇ ਨਸ਼ਾ ਛੁਡਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਹਰ ਪਿੰਡ ਵਿੱਚ 15 ਮੈਂਬਰੀ ਸਿਹਤ ਕਮੇਟੀ ਬਣਾਈ ਜਾਵੇਗੀ ਜਿਸ ਦੀ ਪ੍ਰਧਾਨ ਉਸ ਪਿੰਡ ਦੀ ਮਹਿਲਾ ਪੰਚਾਇਤ ਮੈਂਬਰ ਹੋਵੇਗੀ ਅਤੇ ਆਸ਼ਾ ਵਰਕਰ ਮੈਂਬਰ ਸਕੱਤਰ ਜਾਵੇਗੀ। ਇਹ ਕਮੇਟੀ ਜਿੱਥੇ ਛੋਟੀਆਂ ਸਿਹਤ ਸਮੱਸਿਆਵਾਂ ਦੇ ਇਲਾਜ ਲਈ ਮਦਦਗਾਰ ਹੋਵੇਗੀ, ਓਥੇ ਨਸ਼ਾ ਛੱਡਣ ਅਤੇ ਸਿਹਤਯਾਬ ਜੀਵਨਸ਼ੈਲੀ ਲਈਂ ਕੰਮ ਕਰੇਗੀ। ਇਸੇ ਤਰ੍ਹਾਂ ਹਰ ਨਸ਼ਾ ਛੁਡਾਊ ਕੇਂਦਰ, ਓਟ ਕਲੀਨਿਕ ਤੇ ਮੁਹੱਲਿਆਂ ਵਿੱਚ ਸਪੋਰਟ ਗਰੁੱਪ ਬਣਨਗੇ ਜਿਨ੍ਹਾਂ ਵਿੱਚ ਨਸ਼ੇ ਛੱਡ ਚੁੱਕੇ ਵਿਅਕਤੀ ਨਸ਼ਾ ਕਰਨ ਵਾਲਿਆਂ ਨੂੰ ਨਫਰਤ ਕਰਨ ਦੀ ਬਜਾਏ ਹਮਦਰਦੀ ਨਾਲ ਪ੍ਰੇਰਨਾ ਸਰੋਤ ਬਣਨਗੇ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਯੋਗਦਾਨ ਪਾਉਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਮੁਹਿੰਮ ਨੂੰ ਹਰ ਪਾਸਿਓਂ ਹਾਂ - ਪੱਖੀ ਹੁੰਗਾਰਾ ਮਿਲ ਰਿਹਾ ਹੈ ਤੇ ਸਰਕਾਰ ਦਾ ਆਉਂਦੇ 3 ਤੋਂ 4 ਮਹੀਨਿਆਂ ਵਿਚ ਨਸ਼ਿਆਂ ਦੇ ਖਾਤਮੇ ਦਾ ਤਹੱਈਆ ਹੈ।
ਇਸ ਮੌਕੇ ਉਨ੍ਹਾਂ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧਕਾਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀ ਆੜ੍ਹ ਹੇਠ ਨਸ਼ਿਆਂ ਦਾ ਕਾਰੋਬਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧਕ ਆਪਣੀ ਜ਼ਿੰਮੇਵਾਰੀ ਤੋਂ ਭੱਜਣਗੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।
ਇਸ ਮੌਕੇ ਸਿਹਤ ਮੰਤਰੀ ਨੇ ਸਿਵਲ ਹਸਪਤਾਲ ਬਰਨਾਲਾ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ ਕਰਕੇ ਉਸ ਨੂੰ ਪੂਰੀ ਤਰ੍ਹਾਂ ਅਪਰੇਸ਼ਨਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਮਹਿਲ ਕਲਾਂ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਨ ਸਭਾ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਭਦੌੜ ਲਾਭ ਸਿੰਘ ਉੱਗੋਕੇ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਡਿਪਟੀ ਕਮਿਸ਼ਨਰ ਟੀ ਬੈਨਿਥ, ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ, ਐੱਸ ਪੀ ਸੌਰਭ ਜਿੰਦਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਐੱਸ ਡੀ ਐਮ ਗੁਰਬੀਰ ਸਿੰਘ ਕੋਹਲੀ, ਸ. ਹਰਿੰਦਰ ਸਿੰਘ ਧਾਲੀਵਾਲ ਤੇ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।