ਜ਼ਿਲ੍ਹਾ ਟਰਾਂਸਪੋਰਟ ਵਿਭਾਗ ਵਲੋ ਵਾਹਨਾਂ ਨੂੰ ਰਿਫਲੈਕਟਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਫ਼ਰੀਦਕੋਟ
ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਉਪਰਾਲਾ
ਜ਼ਿਲ੍ਹਾ ਟਰਾਂਸਪੋਰਟ ਵਿਭਾਗ ਵਲੋ ਵਾਹਨਾਂ ਨੂੰ ਰਿਫਲੈਕਟਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ
ਫਰੀਦਕੋਟ 15 ਜਨਵਰੀ,2025
ਸੜਕ ਹਾਦਸਿਆਂ ਨੂੰ ਘਟਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਫਰੀਦਕੋਟ ਟਰਾਂਸਪੋਰਟ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਡਾ ਪ੍ਰਗਿਆ ਜੈਨ ਜ਼ਿਲ੍ਹਾ ਪੁਲਿਸ ਮੁਖੀ ਅਤੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮੇਜਰ ਵਰੁਣ ਕੁਮਾਰ ਦੀ ਅਗਵਾਈ ਹੇਠ ਰੋਡ ਸੇਫਟੀ ਜਾਗਰੂਕਤਾ ਕਮੇਟੀ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਮਹੀਨੇ ਤਹਿਤ ਅੱਜ ਫਰੀਦਕੋਟ ਦੇ ਸਾਦਿਕ ਚੌਂਕ ਵਿੱਚ ਵਾਹਨਾਂ ਨੂੰ ਰਿਫਲੈਕਟਰ ਲਗਾਉਣ ਅਤੇ ਲੋਕਾਂ ਨੂੰ ਆਵਾਜਾਈ ਨਿਯਮਾਂ ਸੰਬੰਧੀ ਜਾਗਰੂਕਤਾ ਸਬੰਧੀ ਕੈਂਪ ਲਗਾਇਆ ਗਿਆ।
ਇਸ ਮੌਕੇ ਸਹਾਇਕ ਰਿਜਨਲ ਟਰਾਂਸਪੋਰਟ ਅਫ਼ਸਰ ਸ.ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ ਖਾਸਕਰ ਇਹਨਾਂ ਸਰਦੀ ਦੇ ਦਿਨਾਂ ਵਿਚ ਧੁੰਦਾਂ ਕਰਕੇ ਐਕਸੀਡੈਂਟਾਂ ਦਾ ਖਤਰਾ ਜ਼ਿਆਦਾ ਹੁੰਦਾ ਹੈ। ਆਸਪਾਸ ਮੌਜੂਦ ਲੋਕਾਂ ਨੇ ਵੀ ਸਰਕਾਰ ਅਤੇ ਵਿਭਾਗਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਸੜਕ ਤੇ ਚਲਦੇ ਸਮੇਂ ਕਦੇ ਵੀ ਜਲਦੀ ਨਾ ਕੀਤੀ ਜਾਵੇ, ਨਿਰਧਾਰਿਤ ਗਤੀ ਦੇ ਅੰਦਰ ਹੀ ਵਹੀਕਲ ਨੂੰ ਚਲਾਇਆ ਜਾਵੇ ਇਸ ਤੋਂ ਇਲਾਵਾ ਵਹੀਕਲ ਨੂੰ ਓਵਰਲੋਡ ਵੀ ਨਾ ਕੀਤਾ ਜਾਵੇ, ਓਵਰਲੋਡ ਕਾਰਨ ਕਈ ਵਾਰ ਅੱਗੇ ਪਿੱਛੇ ਸਹੀ ਦਿਖਾਈ ਨਾ ਦੇਣ ਕਾਰਨ ਦੁਰਘਟਨਾਵਾਂ ਹੋ ਜਾਂਦੀਆਂ ਹਨ |
ਇਸ ਮੌਕੇ ਰੋਡ ਸੇਫਟੀ ਅਵੇਅਰਨੇਸ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਗੁਰਪ੍ਰੀਤ ਸਿੰਘ ਅਤੇ ਲਵਜਿੰਦਰ ਸਿੰਘ ਅਤੇ ਟਰੈਫਿਕ ਪੁਲਿਸ ਵਲੋਂ ਏ.ਐਸ.ਆਈ ਕੁਲਵੰਤ ਸਿੰਘ ਅਤੇ ਸ.ਸੁਖਮੰਦਰ ਸਿੰਘ ਹਾਜ਼ਰ ਸਨ।