ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਨੰਨ੍ਹੇ ਖਿਡਾਰੀਆਂ ਨੂੰ ਵੰਡੇ ਟਰੈਕ ਸੂਟ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਰੀਦਕੋਟ
ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਨੰਨ੍ਹੇ ਖਿਡਾਰੀਆਂ ਨੂੰ ਵੰਡੇ ਟਰੈਕ ਸੂਟ
ਫਰੀਦਕੋਟ 16 ਜਨਵਰੀ 2025() ਬੱਚਿਆਂ ਦਾ ਖੇਡਾਂ ਦਾ ਮੁੱਢ ਪ੍ਰਾਇਮਰੀ ਪੱਧਰ ਤੋਂ ਹੀ ਬੱਝਦਾ ਹੈ। ਪ੍ਰਾਇਮਰੀ ਖੇਡਾਂ ’ਚ ਵਿਸ਼ੇਸ਼ ਸ਼ੁਰੂਆਤ ਕਰਨ ਵਾਲੇ ਖਿਡਾਰੀਆਂ ਦਾ ਭਵਿੱਖ ਸੁਨਹਿਰੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਦੇ ਖੇਡਾਂ ਨਾਲ ਸਬੰਧਤ ਖਾਸ ਕਰਕੇ ਖੋ-ਖੋ ਦੇ 25 ਬੱਚਿਆਂ ਨੂੰ ਟਰੈਕ ਸੂਟ ਵੰਡਣ ਮੌਕੇ ਕੀਤਾ।
ਉਨ੍ਹਾਂ ਨੰਨ੍ਹੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਜੁੜਨਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਹ ਨੰਨ੍ਹੇ ਖਿਡਾਰੀ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹਨ ਜਿੰਨ੍ਹਾਂ ਨੂੰ ਵੇਖ ਕੇ ਹੋਰ ਨੌਜਵਾਨ ਲੜਕੇ ਤੇ ਲੜਕੀਆਂ ਵੀ ਖੇਡਾਂ ਵੱਲ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਾਲ ਸਕੂਲ ਦੇ 37 ਬੱਚਿਆਂ ਨੇ ਸਟੇਟ ਖੇਡਾਂ ਵਿੱਚ ਭਾਗ ਲਿਆ ਹੈ ਇੱਕ ਬੱਚੇ ਨੇ ਨੈਸ਼ਨਲ ਖੋ-ਖੋ ਦਾ ਕੈਂਪ ਵੀ ਲਗਾਇਆ ਹੈ । ਉਨ੍ਹਾਂ ਦੱਸਿਆ ਕਿ ਖੇਡਾਂ ਦੇ ਨਾਲ ਨਾਲ ਇਹਨਾਂ ਬੱਚਿਆਂ ਦਾ 2023-24 ਦਾ ਸਾਲਾਨਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਇੰਵੇਟ ਕਰਵਾ ਕੇ ਬੱਚਿਆਂ ਨੂੰ ਖੇਡਾਂ ਵਿਚ ਭਾਗ ਲੈਣ ਦੇ ਵੱਧ ਤੋਂ ਵੱਧ ਮੌਕੇ ਦਿੱਤੇ ਗਏ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।
ਇਸ ਮੌਕੇ ਸਕੂਲ ਦੇ ਹੈਡਮਾਸਟਰ ਸ. ਰਵਿੰਦਰ ਸਿੰਘ ਡੀ.ਪੀ.ਈ,ਸਰਬਜੀਤ ਕੌਰ ਸਰਪੰਚ, ਗੁਰਜੀਤ ਸਿੰਘ ਸਮਾਜ ਸੇਵੀ, ਜਸਵਿੰਦਰ ਸਿੰਘ,ਅਤੇ ਸੱਤਪਾਲ ਸ਼ਰਮਾ, ਗੁਰਮੇਲ ਸਿੰਘ,ਸਾਬਕਾ ਸਰਪੰਚ ਜਸਵਿੰਦਰ ਸਿੰਘ ਐਡਵੋਕੇਟ ਜੀਤ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਪਰਮਜੀਤ ਸਿੰਘ,ਬਿਮਲ ਕੌਰ ਆਦਿ ਹਾਜ਼ਰ ਸਨ।