ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਸਬ ਰਜਿਸਟਰਾਰ ਦਫਤਰ ਦਾ ਅਚਨਚੇਤ ਦੌਰਾ ਕਰ ਕੇ ਸਮੁੱਚੇ ਰਿਕਾਰਡ ਦੀ ਕੀਤੀ ਪੜਤਾਲ
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਸਬ ਰਜਿਸਟਰਾਰ ਦਫਤਰ ਦਾ ਅਚਨਚੇਤ ਦੌਰਾ ਕਰ ਕੇ ਸਮੁੱਚੇ ਰਿਕਾਰਡ ਦੀ ਕੀਤੀ ਪੜਤਾਲ
*ਤਹਿਸੀਲ ਕੰਪਲੈਕਸ ਵਿਖੇ ਰਜਿਸਟਰੀਆਂ ਕਰਵਾਉਣ ਆਏ ਲੋਕਾਂ ਤੋਂ ਲਈ ਫੀਡਬੈਕ, ਲੋਕਾਂ ਨੇ ਸੰਤੁਸ਼ਟੀ ਪ੍ਰਗਟਾਈ
*ਐਸ.ਡੀ.ਐਮਜ਼ ਆਪਣੇ ਅਧਿਕਾਰ ਖੇਤਰ 'ਚ ਸਬ ਰਜਿਸਟਰਾਰ ਦਫਤਰਾਂ ਦਾ ਕਰਨ ਨਿਰੀਖਣ
ਅਤੇ ਲੋਕਾਂ ਤੋਂ ਲੈਣ ਫੀਡਬੈਕ-ਡਾ. ਸੋਨਾ ਥਿੰਦ
ਫਤਹਿਗੜ੍ਹ ਸਾਹਿਬ, 25 ਫਰਵਰੀ:
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੀਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਸਬ ਰਜਿਸਟਰਾਰ ਦਫਤਰ ਫਤਹਿਗੜ੍ਹ ਸਾਹਿਬ ਵਿਖੇ ਰਜਿਸਟਰੀਆਂ ਸਮੇਤ ਹੋਰ ਸਮੁੱਚੇ ਰਿਕਾਰਡ ਦਾ ਅਚਨਚੇਤ ਦੌਰਾ ਕਰ ਕੇ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਕਿਸੇ ਵੀ ਸਰਕਾਰੀ ਵਿਭਾਗ ਅੰਦਰ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਨੇ ਤਹਿਸੀਲ ਕੰਪਲੈਕਸ ਫਤਹਿਗੜ੍ਹ ਵਿਖੇ ਰਜਿਸਟਰੀ ਕਰਵਾਉਣ ਆਏ ਲੋਕਾਂ ਅਤੇ ਬੀਤੇ ਦਿਨੀ ਰਜਿਸਟਰੀ ਕਰਵਾ ਚੁੱਕੇ ਵਿਅਕਤੀਆਂ ਨੂੰ ਮੌਕੇ ਤੇ ਫੋਨ ਕਰ ਕੇ ਫੀਡਬੈਕ ਲਈ, ਜਿਸਤੇ ਲੋਕਾਂ ਨੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਨੇ ਸਮੂਹ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰਾਂ ਨੂੰ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ਦੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ 'ਚ ਸਬ ਰਜਿਸਟਰਾਰ ਦਫਤਰਾਂ ਦਾ ਨਿਰੀਖਣ ਕਰਨ ਅਤੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਨ ਕਿ ਉਨ੍ਹਾਂ ਤੋਂ ਕਿਸੇ ਨੇ ਪੈਸੇ ਤਾਂ ਨਹੀ ਲਏ, ਤਾਂ ਜੋ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਵਿੱਢੀ ਮੁਹਿੰਮ ਨੂੰ ਹੋਰ ਕਾਰਗਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜਾਇਦਾਦ ਦੀ ਖਰੀਦ ਵੇਚ ਵੇਲੇ ਖਰੀਦਦਾਰ/ਵਿਕਰੇਤਾਵਾਂ ਦੁਆਰਾ ਭ੍ਰਿਸ਼ਟਾਚਾਰ ਮੁਕਤ ਤਰੀਕੇ ਨਾਲ ਵਿਕਰੀ ਡੀਡ ਰਜਿਸਟਰਡ ਹੋਣ।
ਇਸ ਮੌਕੇ ਐਸ.ਡੀ.ਐਮ ਸ੍ਰੀ ਅਰਵਿੰਦਰ ਕੁਮਾਰ, ਤਹਿਸੀਲਦਾਰ ਸ੍ਰੀ ਵਿਸ਼ਾਲ ਵਰਮਾ, ਨਾਇਬ ਤਹਿਸੀਲਦਾਰ ਸ੍ਰੀ ਰਾਜ ਬਰਿੰਦਰ ਸਿੰਘ ਸਮੇਤ ਵੱਖ ਵੱਖ ਅਧਿਕਾਰੀ ਹਾਜ਼ਰ ਸਨ।