ਪਿੰਡ ਜੰਡਾਲੀ ਦੇ ਅਗਾਂਹਵਧੂ ਕਿਸਾਨ ਮਨਜੀਤ ਸਿੰਘ ਨੇ ਪਿਛਲੇ 35 ਸਾਲਾਂ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ
ਪਿੰਡ ਜੰਡਾਲੀ ਦੇ ਅਗਾਂਹਵਧੂ ਕਿਸਾਨ ਮਨਜੀਤ ਸਿੰਘ ਨੇ ਪਿਛਲੇ 35 ਸਾਲਾਂ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ
*ਕਿਸਾਨ ਮਨਜੀਤ ਸਿੰਘ ਤਵੀਆਂ, ਮਲਚਰ ਤੇ ਰੋਟਾਵੇਟਰ ਨਾਲ ਜਮੀਨ ਵਿੱਚ ਹੀ ਰਲਾ ਦਿੰਦਾ ਹੈ ਪਰਾਲੀ
* 20 ਦੁਧਾਰੂ ਪਸ਼ੂਆਂ ਨਾਲ ਸਫਲਤਾ ਪੂਰਵਕ ਕਰ ਰਿਹੈ ਡੇਅਰੀ ਦਾ ਧੰਦਾ
*ਘਰੇਲੂ ਬਗੀਚੀ ਵਿੱਚ ਬਦਾਮ, ਲੀਚੀ, ਅਮਰੂਦ, ਅੰਬ, ਆਂਵਲਾ, ਪਪੀਤਾ ਤੇ ਡਰੈਗਨ ਫਰੂਟ ਦੇ ਲਗਾਏ ਹਨ ਦਰਖ਼ਤ
*ਘਰੇਲੂ ਵਰਤੋਂ ਲਈ ਸਬਜ਼ੀਆਂ ਤੇ ਹਲਦੀ ਦੀ ਆਪ ਹੀ ਕਰਦਾ ਹੈ ਜੈਵਿਕ ਖੇਤੀ
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ:
ਦਿਨੋਂ ਦਿਨ ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਵੱਡੀ ਪੱਧਰ ਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆ ਜਾ ਰਹੀਆਂ ਹਨ, ਜਿਨ੍ਹਾਂ ਸਦਕਾ ਸੂਬੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਵੱਡੀ ਪੱਧਰ ਤੇ ਕਮੀ ਆਈ ਹੈ। ਸਰਕਾਰ ਦੇ ਇਸ ਉਪਰਾਲੇ ਨੂੰ ਸਫਲ ਬਣਾਉਣ ਵਿੱਚ ਬਸੀ ਪਠਾਣਾ ਬਲਾਕ ਦੇ ਪਿੰਡ ਜੰਡਾਲੀ ਦਾ ਅਗਾਂਹਵਧੂ ਕਿਸਾਨ ਮਨਜੀਤ ਸਿੰਘ ਸ਼ਲਾਘਾਯੋਗ ਯੋਗਦਾਨ ਪਾ ਰਿਹਾ ਹੈ। ਇਸ ਕਿਸਾਨ ਨੇ ਪਿਛਲੇ ਲਗਭਗ 35-40 ਸਾਲਾਂ ਤੋਂ ਆਪਣੀ 15 ਏਕੜ ਜ਼ਮੀਨ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ ਸਗੋਂ ਇਹ ਕਿਸਾਨ ਤਵੀਆਂ, ਮਲਚਰ ਤੇ ਰੋਟਾਵੇਟਰ ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿੱਚ ਹੀ ਰਲਾ ਦਿੰਦਾ ਹੈ। ਇਸ ਤਰ੍ਹਾਂ ਜਿਥੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਵਿੱਚ ਸਹਾਇਤਾ ਮਿਲਦੀ ਹੈ ਉਥੇ ਹੀ ਇਲਾਕੇ ਦੇ ਹੋਰਨਾਂ ਕਿਸਾਨਾਂ ਦਾ ਵੀ ਇਹ ਕਿਸਾਨ ਮਾਰਗ ਦਰਸ਼ਨ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਧਰਮਿੰਦਰਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਭਾਗ ਵੱਲੋਂ ਸੀ.ਆਰ.ਐਮ. ਸਕੀਮ ਅਧੀਨ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਕਾਰਨ ਅਗਾਂਹਵਧੂ ਕਿਸਾਨ ਮਨਜੀਤ ਸਿੰਘ ਨੂੰ ਪ੍ਰੇਰਨਾ ਮਿਲੀ ਅਤੇ ਉਹ ਹੁਣ ਸਰਕਾਰ ਵੱਲੋਂ 80 ਫੀਸਦੀ ਤੱਕ ਦੀ ਸਬਸਿਡੀ ਤੇ ਦਿੱਤੀ ਜਾ ਰਹੀ ਖੇਤੀ ਮਸ਼ੀਨਰੀ ਦੀ ਵਰਤੋਂ ਨਾਲ ਪਰਾਲੀ ਨੂੰ ਖੇਤ ਵਿੱਚ ਹੀ ਰਲਾ ਦਿੰਦਾ ਹੈ। ਕਿਸਾਨ ਦੇ ਦੱਸਣ ਅਨੁਸਾਰ ਉਸ ਕੋਲ 15 ਏਕੜ ਵਾਹੀਯੋਗ ਜ਼ਮੀਨ ਹੈ ਅਤੇ ਉਹ ਪਰਾਲੀ ਨੂੰ ਖੇਤ ਵਿੱਚ ਹੀ ਰਲਾ ਦਿੰਦਾ ਹੈ। ਕਿਸਾਨ ਨੇ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਹੀ ਰਲਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ, ਉਥੇ ਹੀ ਅਜਿਹਾ ਕਰਨ ਨਾਲ ਫਸਲ ਦਾ ਝਾੜ ਵੱਧ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ।
ਅਗਾਂਵਧੂ ਕਿਸਾਨ ਮਨਜੀਤ ਸਿੰਘ ਕਣਕ, ਝੋਨਾ, ਸਰੋਂ, ਗੰਨਾ ਤੇ ਚਾਰਾ ਆਦਿ ਫਸਲਾਂ ਦੀ ਬਿਜਾਈ ਕਰਦਾ ਹੈ। ਇਹ ਕਿਸਾਨ ਵਰਮੀ ਕੰਪੋਸਟ ਵੀ ਤਿਆਰ ਕਰਦਾ ਹੈ। ਕਿਸਾਨ ਮਨਜੀਤ ਸਿੰਘ ਨੇ 20 ਦੁਧਾਰੂ ਪਸ਼ੂ ਰੱਖੇ ਹੋਏ ਹਨ ਅਤੇ ਉਹ ਸਫਲਤਾ ਪੂਰਵਕ ਡੇਅਰੀ ਦਾ ਧੰਦਾ ਵੀ ਕਰ ਰਿਹਾ ਹੈ। ਇਸ ਕਿਸਾਨ ਨੇ ਦੇਸੀ ਮੁਰਗੇ ਤੇ ਮੁਰਗੀਆਂ ਵੀ ਰੱਖੇ ਹੋਏ ਹਨ ਅਤੇ ਇਹ ਕਿਸਾਨ ਵੱਖ-ਵੱਖ ਫਲਾਂ ਜਿਵੇਂ ਕਿ ਬਦਾਮ, ਲੀਚੀ, ਅਮਰੂਦ, ਅੰਬ, ਆਂਵਲਾ, ਪਪੀਤਾ, ਡਰੈਗਨ ਫਰੂਟ ਆਦਿ ਵੀ ਲਗਾਏ ਹੋਏ ਹਨ। ਘਰੇਲੂ ਵਰਤੋਂ ਲਈ ਅਗਾਂਹਵਧੂ ਕਿਸਾਨ ਮਨਜੀਤ ਸਿੰਘ ਸਬਜ਼ੀਆਂ ਤੇ ਹਲਦੀ ਦੀ ਕਾਸ਼ਤ ਵੀ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਅੱਜ ਦੇ ਮਹਿੰਗਾਈ ਭਰੇ ਦੌਰ ਨੂੰ ਵੇਖਦੇ ਹੋਏ ਬਜ਼ਾਰ ਵਿੱਚ ਮਿਲਣ ਵਾਲੀਆਂ ਸਬਜ਼ੀਆਂ ਤੇ ਦਾਲਾਂ ਜਿਆਦਾ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆ ਹਨ। ਆਪਣੀ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਤੇ ਹਲਦੀਆਂ ਦੀ ਕਾਸ਼ਤ ਕਰਕੇ ਸ਼ੁੱਧ ਸਬਜ਼ੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ।