ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਤੇ ਤਿੱਖੀ ਨ਼ਜ਼ਰ ਰੱਖਣ ਕਲਸਟਰ ਅਫਸਰ-ਐਸ.ਡੀ. ਐਮ
ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਤੇ ਤਿੱਖੀ ਨ਼ਜ਼ਰ ਰੱਖਣ ਕਲਸਟਰ ਅਫਸਰ-ਐਸ.ਡੀ. ਐਮ
*ਬਿਨਾਂ ਐਸ.ਐਮ.ਐਸ. ਸਿਸਟਮ ਕੰਬਾਇਨਾਂ ਚਲਾਉਣ
ਵਾਲਿਆਂ ਦੇ ਹੋਣਗੇ ਚਲਾਨ
*ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨ ਬਾਰੇ ਜਾਗਰੂਕ
ਕਰਨ ਕਲਸਟਰ ਅਫਸਰ-ਮਨਜੀਤ ਸਿੰਘ ਰਾਜਲਾ
ਫ਼ਤਹਿਗੜ੍ਹ ਸਾਹਿਬ, 25 ਅਕਤੂਬਰ:
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਤਾਇਨਾਤ ਕਲਸਟਰ ਅਫਸਰਾਂ ਨਾਲ ਅੱਜ ਐਸ.ਡੀ.ਐਮ. ਅਮਲੋਹ ਸ਼੍ਰੀ ਮਨਜੀਤ ਸਿੰਘ ਰਾਜਲਾ ਨੇ ਆਪਣੇ ਦਫ਼ਤਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਸਮੂਹ ਕਲਸਟਰ ਅਫਸਰਾਂ ਨੂੰ ਹਦਾਇਤ ਕੀਤੀ ਕਿ ਆਪੋ ਆਪਣੇ ਇਲਾਕਿਆਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਤੇ ਤਿੱਖੀ ਨਜ਼ਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਐਸ.ਐਮ.ਐਸ. ਕੰਬਾਇਨਾਂ ਚਲਾਉਣ ਵਾਲਿਆਂ ਦੀ ਨਿਰੰਤਰ ਚੈਕਿੰਗ ਕਰਕੇ ਕਾਰਵਾਈ ਕੀਤੀ ਜਾਵੇ।
ਸ. ਰਾਜਲਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ ਇਸ ਲਈ ਪਰਾਲੀ ਦੀ ਸੁਚੱਜੀ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਲਸਟਰ ਅਫਸਰਾਂ ਨੂੰ ਇਹ ਵੀ ਕਿਹਾ ਕਿ ਕਿਸਾਨਾਂ ਨਾਲ ਨਿੱਜੀ ਸੰਪਰਕ ਕਰਕੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਪਰਾਲੀ ਦੀ ਸੁਚੱਜੀ ਸੰਭਾਲ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਖੇਤੀ ਮਸ਼ੀਨਾਂ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਨੇ ਦੱਸਿਆ ਕਿ ਸੁਪਰ ਐਸ.ਐਮ.ਐਸ ਵਾਲੀ ਮਸ਼ੀਨ ਨਾਲ ਕਟਾਈ ਕਰਨ ਉਪਰੰਤ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਬਿਜਾਈ ਕਰਕੇ ਖੇਤੀ ਖਰਚੇ ਘਟਾਏ ਜਾ ਸਕਦੇ ਹਨ ਅਤੇ ਇਸ ਤਰ੍ਹਾਂ ਬਿਜਾਈ ਕਰਨ ਨਾਲ ਨਦੀਨਾਂ ਦੀ ਸਮੱਸਿਆ ਵੀ ਘੱਟ ਆਉਂਦੀ ਹੈ, ਜਮੀਨ ਦੇ ਜੈਵਿਕ ਮਾਦੇ ਵਿੱਚ ਵਾਧਾ ਹੁੰਦਾ ਹੈ ਤੇ ਪਰਾਲੀ ਨੂੰ ਖੇਤ ਵਿੱਚ ਰਲਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਖਾਦਾਂ ਦੀ ਵਰਤੋਂ ਘੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ/ ਰਹਿੰਦ-ਖੂਹੰਦ ਨੂੰ ਅੱਗ ਲਾਉਣ ਨਾਲ ਜਮੀਨ ਅੰਦਰ ਕੁਦਰਤੀ ਤੱਤਾਂ, ਮਿੱਤਰ ਕੀੜਿਆਂ ਦਾ ਖਾਤਮਾ ਅਤੇ ਪਸ਼ੂ-ਪੰਛੀਆਂ, ਇਨਸਾਨਾਂ ਵਿੱਚ ਗੰਭੀਰ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ ਹੈ।
ਐਸ.ਡੀ.ਐਮ. ਨੇ ਕਿਹਾ ਕਿ ਕਿਸਾਨ ਬੇਲਰ ਚਲਾ ਕੇ ਪਰਾਲੀ ਦੀਆਂ ਗੱਠਾਂ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿ ਹੈਪੀ ਸੀਡਰ, ਸੁਪਰ ਸੀਡਰ, ਮਲਚਰ, ਸਰਫੇਸ ਸੀਡਰ, ਸਮਾਰਟ ਸੀਡਰ, ਉਲਟਾਂਵਾ ਹਲ, ਪੈਡੀ ਸਟਰਾਅ ਚੌਪਰ-ਕਮ-ਸ਼ਰੈਡਰ, ਸੁਪਰ ਐਸ.ਐਮ.ਐਸ, ਬੇਲਰ, ਰੇਕ ਆਦਿ ਸਬਸਿਡੀ ਤੇ ਦਿੱਤੀਆਂ ਗਈਆਂ ਹਨ। ਜਿਨ੍ਹਾਂ ਕਿਸਾਨਾਂ ਕੋਲ ਘੱਟ ਜਮੀਨ ਹੈ, ਉਹ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਲ੍ਹੇ ਵਿੱਚ ਸਥਾਪਿਤ ਕੀਤੇ ਗਏ ਕਸਟਮ ਹਾਈਰਿੰਗ ਸੈਟਰਾਂ ਤੋਂ ਕਿਰਾਏ ਤੇ ਖੇਤੀ ਮਸ਼ੀਨਰੀ ਲੈ ਕੇ ਪਰਾਲੀ ਦੀ ਸਾਂਭ-ਸੰਭਾਲ ਕਰ ਸਕਦੇ ਹਨ। ਮੀਟਿੰਗ ਵਿੱਚ ਤਹਿਸੀਲਦਾਰ ਜਿਨਸੂ ਬਾਂਸਲ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮੋਹਿਤ ਕਲਿਆਣ, ਐਸ.ਐਚ.ਓ. ਬਲਵੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।