ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ
ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ
*22-12-2024 ਤੱਕ ਸਲਾਨਾ 10 ਫੀਸਦੀ ਵਿਆਜ ਦੇ ਨਾਲ ਕਰ ਸਕਦੇ ਨੇ ਭੁਗਤਾਨ
ਫ਼ਤਹਿਗੜ੍ਹ ਸਾਹਿਬ, 08 ਨਵੰਬਰ
ਇੰਜ. ਅਮਨਦੀਪ ਸਿੰਘ ਗਿੱਲ, ਵਧੀਕ ਐੱਸ.ਈ. ਵੰਡ ਮੰਡਲ, ਸਰਹਿੰਦ ਨੇ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਨੂੰ ਸਰਕਾਰ ਦੀ ਓ.ਟੀ.ਐੱਸ (ਵਨ ਟਾਈਮ ਸੈਟਲਮੈਂਟ) ਪਾਲਿਸੀ ਦਾ ਲਾਭ ਚੁੱਕਣ ਸਬੰਧੀ ਸੱਦਾ ਦਿੰਦੇ ਹੋਏ ਦੱਸਿਆ ਕਿ ਬਿਜਲੀ ਦੇ ਬਕਾਇਆ ਖੜ੍ਹੇ ਬਿੱਲ ਘੱਟ ਵਿਆਜ ਦਰਾਂ ਨਾਲ ਜਮ੍ਹਾਂ ਕਰਵਾ ਕੇ ਭਵਿੱਖ 'ਚ ਆਉਣ ਵਾਲੀਆਂ ਵੱਡੀਆਂ ਪ੍ਰੇਸ਼ਾਨੀਆਂ ਤੋਂ ਬੱਚ ਸਕਦੇ ਹਨ ਅਤੇ ਕੱਟਿਆ ਹੋਇਆ ਕੁਨੈਕਸ਼ਨ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਚਾਲੂ ਕਰਵਾ ਸਕਦੇ ਹਨ ।
ਪੰਜਾਬ ਸਰਕਾਰ ਵੱਲੋ ਜਾਰੀ ਕੀਤੀ ਓ.ਟੀ.ਐੱਸ. ਖਪਤਕਾਰਾਂ ਦੇ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ, ਜਿਸ ਦਾ ਲਾਭ ਚੁੱਕ ਕੇ ਨਾ ਕੇਵਲ ਖਪਤਕਾਰ ਵੱਡੇ ਜੁਰਮਾਨੇ ਤੇ ਵਿਆਜ ਰਾਸ਼ੀ ਤੋਂ ਮੁਕਤ ਹੋ ਸਕਣਗੇ ਸਗੋਂ ਮਹਿਕਮਾ ਪੀ.ਐਸ.ਪੀ.ਸੀ.ਐੱਲ਼ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੌਰਾਨ ਆਪਣੀ ਫੈਕਟਰੀ, ਘਰ, ਵਪਾਰਕ ਸੰਸਥਾਵਾ ਆਦਿ ਦਾ ਕੁਨੈਕਸ਼ਨ ਕੱਟੇ ਜਾਣ ਤੋਂ ਵੀ ਨਿਜਾਤ ਪਾ ਸਕਦੇ ਹਨ।
ਵਧੀਕ ਐੱਸ.ਈ. ਨੇ ਦੱਸਿਆ ਕਿ ਮਿਤੀ 30-09-2023 ਤੋਂ ਬਾਅਦ ਜਾਂ ਫਿਰ ਮੌਜੂਦਾ ਸਮੇਂ ਤੱਕ ਡਿਫਾਲਟਰ ਚੱਲ ਰਹੇ ਖਪਤਕਾਰਾਂ ਨੂੰ ਮਹਿਕਮਾਂ ਪੀ.ਐਸ.ਪੀ.ਸੀ.ਐੱਲ਼ ਦੀ ਓ.ਟੀ.ਐੱਸ ਸਕੀਮ ਰਾਹੀਂ ਇਕ ਵਾਰ ਫਿਰ ਮਿਤੀ 22-12-2024 ਤੱਕ ਮੌਕਾ ਪ੍ਰਦਾਨ ਕੀਤਾ ਗਿਆ ਹੈ। ਇਸ ਵਿੱਚ ਸਬੰਧਤ ਖਪਤਕਾਰ ਬਿਜਲੀ ਦੇ ਬਕਾਇਆ ਖੜ੍ਹੇ ਬਿੱਲ ਦਾ ਸਲਾਨਾ ਮਾਤਰ 10 ਫੀਸਦੀ ਵਿਆਜ ਦੇ ਨਾਲ ਭੁਗਤਾਨ ਕਰ ਸਕਦੇ ਹਨ, ਜਦਕਿ ਇਸ ਤੋਂ ਪਹਿਲਾਂ ਖਪਤਕਾਰਾਂ ਨੂੰ ਬਿਜਲੀ ਦੇ ਬਕਾਇਆ ਖੜ੍ਹੇ ਬਿੱਲਾਂ 'ਤੇ 18 ਫੀਸਦੀ ਕੰਪਾਉਂਡਿੰਗ ਫੀਸ, ਲੇਟ ਫੀਸ ਜੁਰਮਾਨਾ ਤੇ ਵਿਆਜ ਰਾਸ਼ੀ ਆਦਿ ਚੁਕਾਉਣੀ ਪੈਂਦੀ ਸੀ।
ਉਨ੍ਹਾਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਲੈਣ।