ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 03 ਵਿਖੇ ਪਾਣੀ ਦੀ ਸਮੱਸਿਆ ਦਾ ਛੇਤੀ ਕਰਵਾਇਆ ਜਾਵੇਗਾ ਹੱਲ-ਈ.ਓ. ਸੰਗੀਤ ਕੁਮਾਰ
ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 03 ਵਿਖੇ ਪਾਣੀ ਦੀ ਸਮੱਸਿਆ ਦਾ ਛੇਤੀ ਕਰਵਾਇਆ ਜਾਵੇਗਾ ਹੱਲ-ਈ.ਓ. ਸੰਗੀਤ ਕੁਮਾਰ
ਮੰਡੀ ਗੋਬਿੰਦਗੜ੍ਹ 27 ਫਰਵਰੀ:
ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਂਦਾ ਹੈ ਤੇ ਵਾਰਡ ਨੰਬਰ 03 ਦੇ ਨਾਗਰਿਕਾਂ ਨੂੰ ਆ ਰਹੀ ਪਾਣੀ ਦੀ ਸਮੱਸਿਆ ਦਾ ਛੇਤੀ ਹੀ ਹੱਲ ਕਰਵਾਇਆ ਜਾਵੇਗਾ। ਇਹ ਜਾਣਕਾਰੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 03 ਵਿਖੇ ਲੱਗਿਆ ਹੋਇਆ ਟਿਊਬਵੈਲ ਖਰਾਬ ਹੋਣ ਕਾਰਨ ਨੇੜਲੇ ਟਿਊਬਵੈਲਾਂ ਰਾਹੀਂ ਵਾਰਡ ਵਿੱਚ ਪਾਣੀ ਪਹੁੰਚਾਇਆ ਜਾ ਰਿਹਾ ਹੈ ਅਤੇ ਕੌਂਸਲ ਦੀ ਹੋਣ ਵਾਲੀ ਮੀਟਿੰਗ ਵਿੱਚ ਇਸ ਸਬੰਧੀ ਮਤਾ ਪਾਸ ਕਰਵਾ ਕੇ ਨਵਾਂ ਟਿਊਬਵੈਲ ਲਗਾਉਣ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀਆਂ ਨਗਰ ਕੌਂਸਲ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਕਾਰਜਸ਼ੀਲ ਹੈ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਨੇ ਦੱਸਿਆ ਕਿ ਗਰਮੀਆਂ ਦਾ ਮੌਸਮ ਆਉਣ ਤੋਂ ਪਹਿਲਾਂ ਸ਼ਹਿਰ ਵਿੱਚ ਪਹਿਲਾਂ ਲੱਗੇ ਟਿਊਬਵੈਲਾਂ ਸਬੰਧੀ ਵੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲੋੜ ਅਨੁਸਾਰ ਟਿਊਬਵੈਲਾਂ ਦਾ ਕੰਮ ਕਰਵਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਕੁਦਰਤ ਦਾ ਅਨਮੋਲ ਸਰੋਤ ਹੈ ਅਤੇ ਇਸ ਦੀ ਲੋੜ ਅਨੁਸਾਰ ਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਸਮੂਹ ਨਾਗਰਿਕ ਲੋੜ ਅਨੁਸਾਰ ਹੀ ਪਾਣੀ ਦੀ ਵਰਤੋਂ ਕਰਨ ਅਤੇ ਪਾਣੀ ਦੀਆਂ ਟੂਟੀਆਂ ਚਲਦੀਆਂ ਨਾ ਛੱਡੀਆਂ ਜਾਣ ਤਾਂ ਜੋ ਪਾਣੀ ਦੀ ਦੁਰਵਰਤੋਂ ਨਾ ਹੋ ਸਕੇ।