ਵਧੀਕ ਡਿਪਟੀ ਕਮਿਸ਼ਨਰ ਨੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਅਤੇ ਨਵੀਂਆਂ ਵੋਟਾਂ ਬਨਾਉਣ ਲਈ ਲਗਾਏ ਸਪੈਸ਼ਲ ਕੈਂਪਾਂ ਦਾ ਲਿਆ ਜਾਇਜ਼ਾ
ਵਧੀਕ ਡਿਪਟੀ ਕਮਿਸ਼ਨਰ ਨੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਅਤੇ ਨਵੀਂਆਂ ਵੋਟਾਂ ਬਨਾਉਣ ਲਈ ਲਗਾਏ ਸਪੈਸ਼ਲ ਕੈਂਪਾਂ ਦਾ ਲਿਆ ਜਾਇਜ਼ਾ
*23 ਨਵੰਬਰ ਅਤੇ 24 ਨਵੰਬਰ 2024 ਨੂੰ ਵੀ ਲਗਾਏ ਜਾਣਗੇ ਕੈਂਪ-ਗੀਤਿਕਾ ਸਿੰਘ
ਫ਼ਤਹਿਗੜ੍ਹ ਸਾਹਿਬ, 10 ਨਵੰਬਰ
ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ ਬੂਥ ਪੱਧਰ 'ਤੇ ਮਿਤੀ 09, ਨਵੰਬਰ ਅਤੇ ਮਿਤੀ 10 ਨਵੰਬਰ, 2024 ਨੂੰ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਅਤੇ ਨਵੀਂਆਂ ਵੋਟਾਂ ਬਨਾਉਣ ਲਈ ਲਗਾਏ ਕੈਂਪਾਂ ਦਾ ਜਾਇਜ਼ਾ ਲੈਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ ਨੇ ਕਿਹਾ ਕਿ ਇਹ ਕੈਂਪ ਲੋਕਾਂ ਲਈ ਬਹੁਤ ਲਾਹੇਵੰਦ ਸਿੱਧ ਹੋਏ ਹਨ।
ਉਨ੍ਹਾਂ ਦੱਸਿਆ ਕਿ ਮਿਤੀ 23 ਨਵੰਬਰ 2024 ਅਤੇ 24 ਨਵੰਬਰ 2024 ਨੂੰ ਵੀ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਅਤੇ ਨਵੀਂਆਂ ਵੋਟਾਂ ਬਨਾਉਣ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ, ਜਿਨ੍ਹਾਂ ਦਾ ਸਮਾਂ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਇਹ ਲਾਜ਼ਮੀ ਹੈ ਕਿ ਸਾਰੇ ਯੋਗ ਵਿਅਕਤੀ ਅਪਣੀ ਵੋਟ ਜ਼ਰੂਰ ਬਨਾਉਣ।
ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਸਪੈਸ਼ਲ ਕੈਂਪਾਂ ਦੌਰਾਨ ਯੋਗ ਵਿਅਕਤੀ ਖਾਸਕਰ, ਉਹ ਨੌਜਵਾਨ ਜਿਹਨਾਂ ਦੀ ਉਮਰ 01.01.2025 ਨੂੰ 18 ਸਾਲ ਦੀ ਹੋਣ ਵਾਲੀ ਹੈ, ਭਾਗ ਲੈ ਕੇ ਨਵੇਂ ਵੋਟਰ ਦੇ ਰੂਪ ਵਿੱਚ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਜੇ ਕਿਸੇ ਵੋਟਰ ਨੇ ਵੋਟ ਸ਼ਿਫਟ ਕਰਨੀ ਹੈ ਜਾਂ ਵੋਟ ਕਟਵਾਉਣੀ ਹੈ ਜਾਂ ਸੋਧ ਕਰਵਾਉਣੀ ਹੈ ਤਾਂ ਉਹ ਵੀ ਇਹਨਾਂ ਕੈਂਪਾ ਦਾ ਫਾਇਦਾ ਲੈ ਕੇ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਹਨਾਂ ਕੈਪਾਂ ਦੌਰਾਨ ਫਾਰਮ ਭਰਨ ਸਮੇਂ ਵੋਟਰ ਆਪਣੇ ਨਾਲ ਰੰਗੀਨ ਪਾਸਪੋਰਟ ਸਾਈਜ਼ ਫੋਟੋ, ਜਨਮ ਮਿਤੀ ਦਾ ਸਬੂਤ ਅਤੇ ਰਿਹਾਇਸ਼ ਦੇ ਪਤੇ ਦਾ ਸਬੂਤ ਨਾਲ ਲੈ ਕੇ ਜਾਣ। ਉਹਨਾਂ ਨੇ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼ ਨੂੰ ਅਤੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਨਵੰਬਰ ਮਹੀਨੇ ਦੌਰਾਨ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ਵਿੱਚ ਪੂਰੀ ਸ਼ਿੱਦਤ ਨਾਲ ਕੰਮ ਕੀਤਾ ਜਾਵੇ ਅਤੇ ਕੈਂਪਾਂ ਨੂੰ ਹਰ ਪੱਖੋਂ ਕਾਮਯਾਬ ਬਣਾਇਆ ਜਾਵੇ।