ਸਵੱਛਤਾ ਦੀ ਲਹਿਰ ਪੰਦਰਵਾੜੇ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀ ਕਰਵਾਈ ਸਾਫ ਸਫਾਈ-ਕਾਰਜ ਸਾਧਕ ਅਫਸਰ
ਸਵੱਛਤਾ ਦੀ ਲਹਿਰ ਪੰਦਰਵਾੜੇ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀ ਕਰਵਾਈ ਸਾਫ ਸਫਾਈ-ਕਾਰਜ ਸਾਧਕ ਅਫਸਰ
*ਵਾਰਡ ਨੰਬਰ 1 ਸਾਂਈ ਮਾਰਕੀਟ ਕਾਲੌਨੀ ਚ ਖੜੇ ਗੰਦੇ ਪਾਣੀ ਦੀ ਕਰਵਾਈ ਗਈ ਨਿਕਾਸੀ
ਫ਼ਤਹਿਗੜ੍ਹ ਸਾਹਿਬ, 07 ਨਵੰਬਰ
ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੇ ਪ੍ਰਮੁੱਖ ਸੜਕਾਂ ਦੀ ਸਾਫ ਸਫਾਈ ਲਈ ਮਨਾਏ ਗਏ ਸਵੱਛਤਾ ਦੀ ਲਹਿਰ ਪੰਦਰਵਾੜੇ ਅਧੀਨ ਅਮਲੋਹ ਸ਼ਹਿਰ ਦੇ ਵਾਰਡਾਂ ਦੀ ਮੁਕੰਮਲ ਸਾਫ ਸਫਾਈ ਕਰਵਾਈ ਜਾ ਰਹੀ ਹੈ ਤਾਂ ਜੋ ਗੰਦਗੀ ਫੈਲਣ ਕਾਰਨ ਕੋਈ ਬਿਮਾਰੀ ਨਾ ਫੈਲ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫਸਰ ਸ. ਬਲਜਿੰਦਰ ਸਿੰਘ ਨੇ ਸਵੱਛਤਾ ਦੀ ਲਹਿਰ ਪੰਦਰਵਾੜੇ ਬਾਰੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਫਾਈ ਸਬੰਧੀ ਸਮਰਪਣ ਦੀ ਭਾਵਨਾ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਵਾਰਡ ਨੰਬਰ 1 ਸਾਂਈ ਮਾਰਕੀਟ ਵਿੱਚ ਖੜੇ ਸੀਵਰੇਜ ਦੇ ਪਾਣੀ ਦਾ ਮਾਮਲਾ ਧਿਆਨ ਵਿੱਚ ਆਉਣ ਤੇ ਉਨ੍ਹਾਂ ਫੌਰੀ ਨਗਰ ਕੌਂਸਲ ਦੀ ਟੀਮ ਭੇਜ ਕੇ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਕੁਝ ਮੁਹੱਲਾ ਵਾਸੀ ਪਲਾਸਟਿਕ ਤੋਂ ਬਣੇ ਲਿਫਾਫੇ ਨਾਲੀਆਂ ਵਿੱਚ ਸੁੱਟ ਦਿੰਦੇ ਹਨ ਜੋ ਕਿ ਗਟਰ ਵਿੱਚ ਜਾ ਕੇ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਪੈਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਾਫ ਸਫਾਈ ਵਿੱਚ ਕਿਸੇ ਕਿਸਮ ਦੀ ਅਣ-ਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਆਪਣੇ ਘਰਾਂ ਦਾ ਕੂੜਾ ਗਲੀਆਂ ਨਾਲੀਆਂ ਵਿੱਚ ਸੁੱਟਣ ਵਾਲਿਆਂ ਦੇ ਚਲਾਨ ਕਰਕੇ ਜੁਰਮਾਨੇ ਵਸੂਲੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਾਰਡ ਨੰਬਰ 13 ਵਿੱਚ 02 ਚਲਾਨ ਵੀ ਕੀਤੇ ਗਏ ਹਨ ਜੋ ਕਿ ਪਸ਼ੂਆਂ ਦੀ ਗੋਹਾ ਗਲੀਆਂ ਵਿੱਚ ਸੁੱਟਦੇ ਸਨ ਅਤੇ ਉਹ ਅੱਗੇ ਜਾ ਕੇ ਸੀਵਰੇਜ ਵਿੱਚ ਜਾ ਕੇ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਪਾਉਂਦਾ ਸੀ।
ਸ. ਬਲਜਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਚਲਾਈ ਸਵੱਛਤਾ ਦੀ ਲਹਿਰ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਆਪਣੇ ਡੋਰ ਟੂ ਡੋਰ ਕੂੜਾ ਲੈਣ ਲਈ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਟੀਮਾਂ ਨੂੰ ਘਰਾਂ ਦਾ ਗਿੱਲ੍ਹਾ ਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਵੱਛਤਾ ਸਾਡੇ ਸਾਰਿਆਂ ਲਈ ਬਹੁਤ ਜਰੂਰੀ ਹੈ, ਇਸ ਲਈ ਸਮੂਹ ਨਾਗਰਿਕਾਂ ਨੂੰ ਇਸ ਵਿੱਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ।