ਝੋਨੇ ਦੀ ਪਰਾਲੀ ’ਚ ਸਰਫੇਸ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਲਈ ਖੇਤ ਪ੍ਰਦਰਸ਼ਨੀ ਹੁਸ਼ਿਆਰਪੁਰ, 29 ਅਕਤੂਬਰ
ਝੋਨੇ ਦੀ ਪਰਾਲੀ ’ਚ ਸਰਫੇਸ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਲਈ ਖੇਤ ਪ੍ਰਦਰਸ਼ਨੀ
ਹੁਸ਼ਿਆਰਪੁਰ, 29 ਅਕਤੂਬਰ: ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਝੋਨੇ ਦੀ ਪਰਾਲੀ ਵਿੱਚ ਸਰਫੇਸ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਬਾਬਤ ਖੇਤ ਪ੍ਰਦਰਸ਼ਨੀ ਦਾ ਆਯੋਜਨ ਪਿੰਡ ਪੰਡੋਰੀ ਗੰਗਾ ਸਿੰਘ ਵਿਖੇ ਅਗਾਂਹਵਧੂ ਕਿਸਾਨ ਪਵਨਜੀਤ ਸਿੰਘ ਦੇ ਖੇਤਾਂ ਵਿੱਚ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕਿਸਾਨ ਪਵਨਜੀਤ ਸਿੰਘ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਆਪਣੀ 14 ਏਕੜ ਜ਼ਮੀਨ ’ਤੇ ਬਿਨਾਂ ਅੱਗ ਲਾਏ ਝੋਨੇ ਦੀ ਪਰਾਲੀ ਵਿੱਚ ਕਣਕ ਦੇ ਬੀਜ ਦਾ ਹੱਥੀਂ ਛੱਟਾ ਕਰਵਾ ਕੇ ਬਿਜਾਈ ਕੀਤੀ ਜਾ ਰਹੀ ਹੈ। ਪਵਨਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ 14 ਏਕੜ ਰਕਬੇ ’ਤੇ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨਵੀਂ ਮਸ਼ੀਨ-ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ।
ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ) ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਅਜੈਬ ਸਿੰਘ ਨੇ ਦੱਸਿਆ ਕਿ ਸਰਫੇਸ ਸੀਡਰ ਮਸ਼ੀਨ ਵਿੱਚ ਕਟਰ-ਕਮ-ਸਪਰੈਡਰ (ਸੁਧਾਰਿਆ ਹੋਇਆ ਕਟਰ) ਉੱਪਰ ਆਮ ਬਿਜਾਈ ਡਰਿੱਲ ਦਾ ਉਪਰਲਾ ਹਿੱਸਾ ਪਾਈਪਾਂ ਸਮੇਤ (ਬਿਨਾਂ ਫਾਲਿਆਂ ਤੋਂ) ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਕੰਬਾਈਨ ਨਾਲ ਕੱਟੇ ਝੋਨੇ ਦੇ ਖੇਤ ਵਿੱਚ ਇੱਕੋ ਸਮੇਂ ਬੀਜ ਅਤੇ ਖਾਦ ਪਾ ਦਿੰਦੀ ਹੈ ਅਤੇ ਨਾਲੋਂ-ਨਾਲ ਝੋਨੇ ਦੇ ਖੜ੍ਹੇ ਕਰਚੇ (4 ਤੋਂ 5 ਇੰਚ ਉੱਚਾ) ਕੱਟ ਕੇ ਇਕਸਾਰ ਖਿਲਾਰ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚਲ ਸਕਦੀ ਹੈ ਅਤੇ ਇਕ ਘੰਟੇ ਵਿੱਚ 1.5 ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਸ਼ੀਨ 700 ਤੋਂ 800 ਰੁਪਏ ਵਿੱਚ ਇੱਕ ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ।