ਡਿਪਟੀ ਕਮਿਸ਼ਨਰ ਵਲੋਂ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ
ਡਿਪਟੀ ਕਮਿਸ਼ਨਰ ਵਲੋਂ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ
ਲੋਕਾਂ ਨੂੰ ਘਰਾਂ ’ਚ ਸੁੱਕਾ-ਗਿੱਲਾ ਕੂੜਾ ਵੱਖਰਾ-ਵੱਖਰਾ ਕਰਨ ਦੀ ਅਪੀਲ
ਹੁਸ਼ਿਆਰਪੁਰ, 24 ਮਾਰਚ : ਸ਼ਹਿਰ ਵਿਚ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਅੱਜ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਖੁਦ ਡੀ.ਏ.ਵੀ. ਕਾਲਜ ਨੇੜੇ ਡੰਪ ਦਾ ਜਾਇਜ਼ਾ ਲੈਂਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ ਰੱਖਣ ਨੂੰ ਯਕੀਨੀ ਬਣਾਉਣ।
ਨਗਰ ਨਿਗਮ ਦੇ ਅਧਿਕਾਰੀਆ ਸਮੇਤ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਗਮ ਕੂੜੇ ਦੇ ਪ੍ਰਬੰਧਨ ਨੂੰ ਪੂਰੀ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਅੱਜ ਸ਼ੁਰੂ ਕੀਤਾ ਪਾਇਲਟ ਪ੍ਰੋਗਰਾਮ ਅਗਲੇ 2 ਮਹੀਨੇ ਲਗਾਤਾਰ ਜਾਰੀ ਰਹੇਗਾ ਤਾਂ ਜੋ ਪੂਰਨ ਤੌਰ ’ਤੇ ਕੂੜੇ ਦੇ ਸੁਚੱਜੇ ਪ੍ਰਬੰਧਨ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ ਜਿਸ ਰਾਹੀਂ ਕੂੜੇ ਨੂੰ ਵੱਖਰਾ-ਵੱਖਰਾ ਰੱਖਦਿਆਂ ਨਿਗਮ ਕਰਮੀਆਂ ਵਲੋਂ ਡੰਪ ਤੱਕ ਪਹੁੰਚਾਇਆ ਜਾਵੇਗਾ ਜਿਸ ਨਾਲ ਸਹੀ ਪ੍ਰਬੰਧਨ ਹੋ ਸਕੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਡੀਆਂ ਥਾਵਾਂ ਜਿਵੇਂ ਕਿ ਸੈਂਟਰਲ ਜੇਲ੍ਹ, ਪੁਲਿਸ ਲਾਈਨ, ਡਿਪਟੀ ਕਮਿਸ਼ਨਰ ਰਿਹਾਇਸ਼ ਆਦਿ ’ਤੇ ਦਰੱਖਤਾਂ ਆਦਿ ਦੇ ਪੱਤਿਆਂ ਅਤੇ ਹੋਰ ਕੂੜੇ ਲਈ ਉਥੇ ਹੀ ਕੰਪੋਸਟ ਬਣਾਉਣ ਲਈ ਟੋਏ ਪੁੱਟੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਵੱਡੇ ਅਦਾਰਿਆਂ, ਕਮਰਸ਼ਿਅਲ ਪ੍ਰਾਪਰਟੀਆਂ, ਸੰਸਥਾਵਾਂ ਆਦਿ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਦਫ਼ਤਰਾਂ, ਵਪਾਰਕ ਥਾਵਾਂ ਵਿਖੇ ਵੱਡੀ ਮਾਤਰਾ ਵਿਚ ਇਕੱਠੇ ਹੁੰਦੇ ਕੂੜੇ ਦੀ ਖਾਦ ਬਣਾਉਣ ਲਈ ਟੋਏ ਪੁੱਟ ਕੇ ਇਸ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਅੰਦਰ ਡੰਪਾਂ ’ਤੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਵੀ ਕਿਹਾ ਕਿ ਇਸ ਪਾਇਲਟ ਪ੍ਰੋਗਰਾਮ ਦੀ ਰੈਗੂਲਰ ਸਮੀਖਿਆ ਯਕੀਨੀ ਬਣਾਈ ਜਾਵੇ । ਡਿਪਟੀ ਕਮਿਸ਼ਨਰ ਨੇ ਡੀ.ਏ.ਵੀ. ਕਾਲਜ ਲਾਗਿਓਂ ਪ੍ਰੋਗਰਾਮ ਸ਼ੁਰੂ ਕਰਨ ਉਪਰੰਤ ਕੁਝ ਥਾਵਾਂ ’ਤੇ ਨਿਗਮ ਕਰਮਚਾਰੀਆਂ ਨਾਲ ਘਰਾਂ ’ਚੋਂ ਲਿਆਂਦੇ ਜਾ ਰਹੇ ਕੂੜੇ ਬਾਰੇ ਗੱਲਬਾਤ ਵੀ ਕੀਤੀ।
--
ਕੈਪਸ਼ਨ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਸੋਮਵਾਰ ਨੂੰ ਹੁਸ਼ਿਆਰਪੁਰ ਵਿਖੇ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਉਂਦੇ ਹੋਏ।