ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ ਨੌਜਵਾਨਾਂ ਨੂੰ ਨਸ਼ੇ ਦੀ ਬੁਰਾਈ ਤੋਂ ਬਚਾਉਣ ’ਚ ਸਕੂਲਾਂ ਦੀ ਭੂਮਿਕਾ ਅਹਿੰਮ: ਡਿਪਟੀ ਕਮਿਸ਼ਨਰ ਨਸ਼ੇ ਦੀ ਰੋਕਥਾਮ ਲਈ ਸਕੂਲ ਮੁਖੀ ਕਰਨ ਸਹਿਯੋਗ, ਜ਼ਿਲ੍ਹਾ ਪੁਲਿਸ ਦਾ ਦ੍ਰਿਸ਼ਟੀਕੋਣ ਸਹਿਯੋਗੀ
ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ
ਨੌਜਵਾਨਾਂ ਨੂੰ ਨਸ਼ੇ ਦੀ ਬੁਰਾਈ ਤੋਂ ਬਚਾਉਣ ’ਚ ਸਕੂਲਾਂ ਦੀ ਭੂਮਿਕਾ ਅਹਿੰਮ: ਡਿਪਟੀ ਕਮਿਸ਼ਨਰ
ਨਸ਼ੇ ਦੀ ਰੋਕਥਾਮ ਲਈ ਸਕੂਲ ਮੁਖੀ ਕਰਨ ਸਹਿਯੋਗ, ਜ਼ਿਲ੍ਹਾ ਪੁਲਿਸ ਦਾ ਦ੍ਰਿਸ਼ਟੀਕੋਣ ਸਹਿਯੋਗੀ
ਹੁਸ਼ਿਆਰਪੁਰ, 10 ਜਨਵਰੀ: ਸਿਵਲ ਅਤੇ ਪੁਲਿਸ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਸੰਪਰਕ ਮੁਹਿੰਮ ਅਤੇ 'ਮਿਸ਼ਨ ਹੁਸ਼ਿਆਰ' ਤਹਿਤ ਸਕੂਲ ਸਿੱਖਿਆ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਜੇਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਨਸ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਜ਼ਿਲ੍ਹੇ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਕਰੀਬ 500 ਹੈਡਮਾਸਟਰ ਅਤੇ ਪ੍ਰਿੰਸੀਪਲਾਂ ਦੇ ਭਾਗ ਲਿਆ। ਸੈਮੀਨਾਰ ਦੌਰਾਨ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੇ ਖਾਤਮੇ ਦੀ ਮਹਿੰਮ ਵਿਚ ਸਰਗਰਮ ਭੂਮਿਕਾ ਨਿਭਾਉਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲਾਂ ਦੀ ਭੂਮਿਕਾ ਨੌਜਵਾਨਾਂ ਨੂੰ ਨਸ਼ੇ ਦੀਆਂ ਬੁਰਾਈਆਂ ਤੋਂ ਬਚਾਉਣ ਵਿਚ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਚਰਿੱਤਰ ਦੇ ਨਿਰਮਾਣ ਦੀ ਸ਼ੁਰੂਆਤ ਸਕੂਲ ਤੋਂ ਹੀ ਹੁੰਦੀ ਹੈ। ਉਨ੍ਹਾਂ 'ਮਿਸ਼ਨ ਹੁਸ਼ਿਆਰ' ਦੇ ਤਹਿਤ ਜਾਗਰੂਕਤਾ ਫੈਲਾਉਣ ਅਤੇ ਨਸ਼ੇ ਦੇ ਖਿਲਾਫ ਠੋਸ ਕਦਮ ਚੁੱਕਣ ਦੇ ਪ੍ਰਸ਼ਾਸਨਿਕ ਯਤਨਾਂ ਦੀ ਜਾਣਕਾਰੀ ਸਾਂਝੀ ਕੀਤੀ। ਨਾਲ ਹੀ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਸ਼ੇ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਵੀ ਪੜ੍ਹਾਉਣ।
ਕੋਮਲ ਮਿੱਤਲ ਨੇ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਵਿਚ 2 ਨਸ਼ਾ ਛੁਡਾਊ ਕੇਂਦਰ ਇਕ ਮੁੜਵਸੇਬਾ ਕੇਂਦਰ ਅਤੇ 15 ਓਟ ਕੇਂਦਰ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਕੇਂਦਰਾਂ ਰਾਹੀਂ ਨਸ਼ੇ ਦੀ ਗ੍ਰਿਫਤ ਵਿਚ ਆਏ ਵੱਧ ਤੋਂ ਵੱਧ ਨੌਜਵਾਨਾਂ ਦੇ ਮੁੜਵਸੇਬੇ ਲਈ ਕੰਮ ਕਰ ਰਿਹਾ ਹੈ।
ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ੇ ਖਿਲਾਫ ਸਿੱਧਾ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸਕੂਲ ਮੁਖੀਆਂ ਨੂੰ ਇਸ ਲੜਾਈ ਵਿਚ ਅਹਿੰਮ ਲੜੀ ਦੱਸਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਦੇ ਬਾਰੇ ਵਿਚ ਜਾਣਕਾਰੀ ਜ਼ਿਲ੍ਹਾ ਪੁਲਿਸ ਨੂੰ ਉਪਲਬੱਧ ਕਰਵਾਉਣ। ਇਸ ਦੇ ਲਈ ਹੈਲਪਲਾਈਨ ਨੰਬਰ 95016-60318, ਕੰਟਰੋਲ ਰੂਮ ਨੰਬਰ 01882-247506, 75290-30100 ਅਤੇ ਸੇਫ ਪੰਜਾਬ ਡਰੱਗ ਹੈਲਪਲਾਈਨ ਨੰਬਰ 97791-00200 ਜਾਰੀ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਦੇ ਹੋਏ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮਾਹਿਰਾਂ ਦੀ ਮਦਦ ਨਾਲ ਜ਼ਿਲ੍ਹਾ ਪੱਧਰੀ ਮੁੜ ਵਸੇਬਾ ਕੇਂਦਰਾਂ ਵਿਚ ਤਿੰਨ-ਪੱਧਰੀ ਰਣਨੀਤੀ ਤਹਿਤ ਕੰਮ ਕਰ ਰਹੀ ਹੈ। ਇਸ ਦਾ ਉਦੇਸ਼ ਨਸ਼ੇ ਦੀ ਰੋਕਥਾਮ, ਲਾਗੂ ਕਰਨਾ ਅਤੇ ਮੁੜ ਵਸੇਬਾ ਯਕੀਨੀ ਬਣਾਉਣਾ ਹੈ। ਇਸ ਦੇ ਨਾਲ ਹੀ ਉਨ੍ਹਾਂ ਰੋਡ ਸੇਫਟੀ, ਸਾਈਬਰ ਸੁਰੱਖਿਆ, ਸੇਫ ਸਕੂਲ ਵਾਹਨ, ਗੁਡ ਟੱਚ-ਬੈਡ ਟਚ ਅਤੇ ਸਟੂਡੈਂਟ ਪੁਲਿਸ ਕੈਡੇਟ ਯੋਜਨਾ ਵਰਗੇ ਵਿਸ਼ਿਆਂ ’ਤੇ ਵੀ ਚਰਚਾ ਕੀਤੀ।
ਇਸ ਦੌਰਾਨ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਦੀ ਮਨੋਵਿਗਿਆਨਕ ਸੰਦੀਪ ਕੁਮਾਰੀ ਨੇ ਵੀ ਸਕੂਲ ਮੁਖੀਆਂ ਨਾਲ ਚਰਚਾ ਕੀਤੀ। ਉਨ੍ਹਾਂ ਨਸ਼ੇ ਨਾਲ ਜੁੜੇ ਮਨੋਵਿਗਿਆਨਿਕ ਪਹਿਲੂਆਂ ’ਤੇ ਚਾਨ੍ਹਣਾ ਪਾਇਆ। ਇਸ ਮੌਕੇ ਐਸ.ਪੀ ਮਨੋਜ ਠਾਕੁਰ, ਸਿਵਲ ਸਰਜਨ ਡਾ. ਪਵਨ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲਲਿਤਾ ਅਰੋੜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਧੀਰਜ ਵਸ਼ਿਸ਼ਟ, ਮੈਡੀਕਲ ਅਫ਼ਸਰ ਡਾ. ਮਹਿਤਾ, ਜੇਮਸ ਕੈਂਬਰਿਜ਼ ਸਕੂਲ ਦੀ ਵਾਈਸ ਪ੍ਰਿੰਸੀਪਲ ਜਸਜੀਤ ਮੁੰਡੀ, ਵਿਜੇ ਭੱਟੀ ਅਤੇ ਹੋਰ ਪਤਵੰਤੇ ਵਿਅਕਤੀ ਵੀ ਮੌਜੂਦ ਸਨ।