ਚਾਈਨਾ ਡੋਰ ਵੇਚਣ ਵਾਲਿਆਂ 'ਤੇ ਹੋਵੇਗੀ ਸਖਤ ਕਾਰਵਾਈ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਜਲੰਧਰ
- ਚਾਈਨਾ ਡੋਰ ਵੇਚਣ ਵਾਲਿਆਂ 'ਤੇ ਹੋਵੇਗੀ ਸਖਤ ਕਾਰਵਾਈ
- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਨੇ ਸ਼ੁਰੂ ਕੀਤੀ ਚੈਕਿੰਗ ਮੁਹਿੰਮ
- ਸੂਚਨਾ ਦੇਣ ਵਾਲੇ ਵਿਅਕਤੀ ਨੂੰ ਮਿਲੇਗਾ 25 ਹਜ਼ਾਰ ਰੁਪਏ ਦਾ ਨਕਦ ਇਨਾਮ
- ਚਾਈਨਾ ਡੋਰ/ਸਿੰਥੈਟਿਕ ਮਟੀਰੀਅਲ ਤੋਂ ਬਣੀ ਡੋਰ ਵੇਚਣ ਸਬੰਧੀ ਸੂਚਨਾ ਮੋਬਾਇਲ ਨੰਬਰ 98789-42033 ਜਾਂ ਟੋਲ ਫਰੀ ਨੰਬਰ 18001802810 'ਤੇ ਦੇ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ ਇਨਾਮੀ ਰਾਸ਼ੀ
ਜਲੰਧਰ, 13 ਜਨਵਰੀ :
ਚਾਈਨਾ ਡੋਰ 'ਤੇ ਪੂਰਨ ਪਾਬੰਦੀ ਲਗਾਉਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਖੇਤਰੀ ਦਫ਼ਤਰ ਜਲੰਧਰ ਵਲੋਂ ਅੱਜ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਖੇਤਰੀ ਦਫ਼ਤਰ ਜਲੰਧਰ ਦੇ ਐਕਸੀਅਨ ਸੰਦੀਪ ਸਿੰਘ ਨੇ ਦੱਸਿਆ ਕਿ ਪਾਬੰਦੀਸ਼ੁਦਾ ਡੋਰ ਦੀ ਜਾਂਚ ਕਰਨ ਲਈ ਖੇਤਰੀ ਦਫ਼ਤਰ ਵਲੋਂ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਇਸ ਡੋਰ ਦੀ ਵਰਤੋਂ ਨੂੰ ਠੱਲ੍ਹ ਪਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਚਾਈਨਾ ਡੋਰ 'ਤੇ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਦੇ ਬਾਵਜੂਦ ਇਸ ਡੋਰ ਨੂੰ ਵੇਚਣ ਵਾਲਿਆਂ ਖ਼ਿਲਾਫ਼ 10 ਹਜ਼ਾਰ ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਚਾਈਨਾ ਡੋਰ ਵੇਚਣ ਵਾਲੇ ਵਿਅਕਤੀਆਂ ਬਾਰੇ ਸੂਚਨਾ ਦੇਣ ਵਾਲੇ ਵਿਅਕਤੀ ਨੂੰ 25 ਹਜ਼ਾਰ ਰੁਪਏ ਦਾ ਇਨਾਮ ਦੇਣ ਦੀ ਘੋਸ਼ਣਾ ਵੀ ਕੀਤੀ ਗਈ ਹੈ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਆਕਤੀ ਜਾਂ ਦੁਕਾਨਦਾਰ ਚਾਈਨਾ ਡੋਰ/ਸਿੰਥੈਟਿਕ ਮਟੀਰੀਅਲ ਤੋਂ ਬਣੀ ਡੋਰ ਵੇਚਦਾ ਹੈ ਤਾਂ ਬੋਰਡ ਦੇ ਖੇਤਰੀ ਦਫਤਰ-1, ਜਲੰਧਰ ਦੇ ਮੋਬਾਇਲ ਨੰਬਰ 98789-42033 ਜਾਂ ਬੋਰਡ ਦੇ ਟੋਲ ਫਰੀ ਨੰਬਰ 18001802810 ਉਤੇ ਸੂਚਨਾ ਦੇਕੇ ਬੋਰਡ ਵਲੋਂ ਘੋਸ਼ਿਤ ਇਨਾਮੀ ਰਾਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਬੋਰਡ ਦੇ ਖੇਤਰੀ ਦਫ਼ਤਰ ਵਲੋਂ ਚਾਈਨਾ ਡੋਰ ਦੀ ਵਰਤੋਂ, ਸੇਲ ਅਤੇ ਸਟਾਕ ਨੂੰ ਰੋਕਣ ਸਬੰਧੀ ਅੱਜ ਸ਼ਹਿਰ ਅਤੇ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਖੇਤਰਾਂ ਵਿੱਚ ਦੁਕਾਨਾਂ ਦੀ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਦੁਕਾਨਦਾਰ ਪਾਸੋਂ ਚਾਈਨਾ ਡੋਰ/ਸਿੰਥੈਟਿਕ ਮਟੀਰੀਅਲ ਤੋਂ ਬਣੀ ਡੋਰ ਪ੍ਰਾਪਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਟੀਮ ਵਲੋਂ ਚੈਕਿੰਗ ਦੌਰਾਨ ਦੁਕਾਨਦਾਰਾਂ ਨੂੰ ਪਾਬੰਦੀਸ਼ੁਦਾ ਡੋਰ ਨਾ ਵੇਚਣ ਅਤੇ ਸਟਾਕ ਨਾ ਕਰਨ ਸਬੰਧੀ ਜਾਗਰੂਕ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੋਰਡ ਦੀ ਟੀਮ ਵੱਲੋਂ ਪਤੰਗ ਤੇ ਡੋਰ ਵੇਚਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਸਰਕਾਰ ਦੇ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਵੀ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਾਈਨਾਂ ਡੋਰ ਦੇ ਉਤਪਾਦਨ, ਵਿਕਰੀ, ਸਟੋਰੇਜ, ਖਰੀਦ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ, ਕਿਉਂਕਿ ਇਸ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ।
---------