ਡਿਪਟੀ ਕਮਿਸ਼ਨਰ ਨੇ ਹੁਨਰ ਵਿਕਾਸ ਕੋਰਸ ਕਰਵਾ ਕੇ ਹੁਨਰਮੰਦ ਪੈਦਾ ਕਰਨ ’ਤੇ ਦਿੱਤਾ ਜ਼ੋਰ
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਜਲੰਧਰ
ਡਿਪਟੀ ਕਮਿਸ਼ਨਰ ਨੇ ਹੁਨਰ ਵਿਕਾਸ ਕੋਰਸ ਕਰਵਾ ਕੇ ਹੁਨਰਮੰਦ ਪੈਦਾ ਕਰਨ ’ਤੇ ਦਿੱਤਾ ਜ਼ੋਰ
ਕਿਹਾ, ਸਿਖਿਆਰਥੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ
ਜਲੰਧਰ, 13 ਜਨਵਰੀ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਵਿਭਿੰਨ ਗਤੀਵਿਧੀਆਂ ਨਾਲ ਸਬੰਧਤ ਵੱਖ-ਵੱਖ ਭਾਗੀਦਾਰ ਵਿਭਾਗਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਨਵੇਂ ਹੁਨਰ ਵਿਕਾਸ ਕੋਰਸ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬੁਧੀ ਰਾਜ ਸਿੰਘ ਅਤੇ ਭਾਗੀਦਾਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਥਾਨਕ ਇੰਡਸਟਰੀ ਲੋੜ ਮੁਤਾਬਕ ਨਵੇਂ ਹੁਨਰ ਤਿਆਰ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਕੋਰਸ ਕਰਨ ਨਾਲ ਨੌਜਵਾਨਾਂ ਦੀ ਤਕਨੀਕੀ ਯੋਗਤਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਹਾਸਲ ਹੋਣਗੇ।
ਕੋਰਸ ਮੁਕੰਮਲ ਕਰਨ ਵਾਲੇ ਸਿਖਿਆਰਥੀਆਂ ਦੀ ਪਲੇਸਮੈਂਟ ਦਾ ਜਾਇਜ਼ਾ ਲੈਂਦਿਆਂ ਡਾ. ਅਗਰਵਾਲ ਨੇ ਕਿਹਾ ਕਿ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਦੀ ਸੌ ਫੀਸਦੀ ਪਲੇਸਮੈਂਟ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਸਿਖਿਆਰਥੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨਾਂ ਨੂੰ ਮਾਰਗਦਰਸ਼ਨ ਵੀ ਪ੍ਰਦਾਨ ਕੀਤਾ ਜਾਵੇ।
ਉਨ੍ਹਾਂ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਦਾ ਵੀ ਜਾਇਜ਼ਾ ਲਿਆ।
ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਟ੍ਰੇਨਿੰਗ ਪਾਰਟਨਰਾਂ ਦੇ ਸਹਿਯੋਗ ਨਾਲ ਬਿਧੀਪੁਰ, ਨਕੋਦਰ, ਨੂਰਮਹਿਲ, ਸੂਰਾਨੁੱਸੀ, ਲਾਡੋਵਾਲੀ ਰੋਡ ਜਲੰਧਰ,ਵਰਿਆਣਾ, ਜਲੰਧਰ ਛਾਉਣੀ ਅਤੇ ਭੋਗਪੁਰ ਵਿਖੇ ਟੂਰੀਜ਼ਮ ਤੇ ਹਾਸਪੀਟੈਲਿਟੀ, ਸਿਹਤ ਸੰਭਾਲ, ਇਲੈਕਟ੍ਰਾਨਿਕ ਤੇ ਹਾਰਡ ਵੇਅਰ ਅਤੇ ਲੋਜਿਸਟਿਕ ਨਾਲ ਸਬੰਧਤ ਕੋਰਸ ਕਰਵਾਏ ਜਾ ਰਹੇ ਹਨ ਅਤੇ ਮੌਜੂਦਾ ਸਮੇਂ 1050 ਸਿਖਿਆਰਥੀ ਵੱਖ-ਵੱਖ ਕੋਰਸਾਂ ਤਹਿਤ ਸਿਖ਼ਲਾਈ ਹਾਸਲ ਕਰ ਰਹੇ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਆਈ.ਬੀ.ਐਮ. ਅਤੇ ਮਾਈਕਰੋਸਾਫਟ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ 20 ਤੋਂ 320 ਘੰਟਿਆਂ ਦੀ ਮਿਆਦ ਦੇ ਆਨਲਾਈਨ ਕੋਰਸ ਕਰਵਾਏ ਜਾ ਰਹੇ ਹਨ। ਇਹ ਸਾਰੇ ਕੋਰਸ ਤਕਨੀਕ, ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਈ-ਕਾਮਰਸ, ਕੰਪਿਊਟਰ ਆਦਿ ਨਾਲ ਸਬੰਧਤ ਹਨ।
ਜਾਪਾ ਵਰਕਰ ਲਈ ਸ਼ੁਰੂ ਕੀਤੀ ਜਾਣ ਵਾਲੀ ਟ੍ਰੇਨਿੰਗ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਇਸ ਪਾਇਲਟ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਲੋੜੀਂਦੀ ਪ੍ਰਕਿਰਿਆ ਜਲਦ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਵਿਗਿਆਨ ਟੈਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਰਾਜ ਵਿੱਚ ਗ੍ਰਾਸਰੂਟ ਇਨੋਵੇਟਰਾਂ ਦੀਆਂ ਨਵੀਨਤਾਵਾਂ ਨੂੰ ਸਸ਼ਕਤ ਕਰਨ ਲਈ ਇਨੋਵੇਸ਼ਨ ਫਾਊਂਡੇਸ਼ਨ,ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਇਕ ਮੋਹਰੀ ਪਹਿਲਕਦਮੀ ਕਰਦਿਆਂ ਗ੍ਰਿਪ (GRIP) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਪ 3.0 ਅਡੀਸ਼ਨ ਵਿਅਕਤੀਆਂ ਜਾ ਸਮਾਜ ਦੀਆਂ ਲੋੜਾਂ ਜਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਸੰਭਾਵਨਾ ਰੱਖਣ ਵਾਲੇ ਨਵੇਂ ਉਤਪਾਦਾਂ ਅਤੇ ਪ੍ਰਕਿਰਿਆਵਾਂ ਨਾਲ ਸਬੰਧਤ ਜ਼ਮੀਨੀ ਪੱਧਰ ਦੀਆਂ ਨਵੀਨਤਾਵਾਂ ਨੂੰ ਚੁਣਨ ਅਤੇ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨੋਵੇਟਰਾਂ (ਨਵੀਨਤਾਕਾਰੀ) ਕਿਸਾਨ, ਵਿਦਿਆਰਥੀ (ਸਕੂਲ/ਕਾਲਜ/ਆਈ.ਟੀ.ਆਈ./ਪੋਲੀਟੈਕਨਿਕ/ਡਿਪਲੋਮਾ ਧਾਰਕ), ਸਵੈ ਰੋਜ਼ਗਾਰ ਵਿਅਕਤੀ (ਕਾਰੀਗਰ, ਮਕੈਨਿਕ ਆਦਿ), ਘਰੇਲੂ ਮਹਿਲਾ, ਉਦਯੋਗ ਕਰਮਚਾਰੀ, ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚੋਂ ਕੋਈ ਵੀ ਹੋਰ ਵਿਅਕਤੀ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਇਨੋਵੇਟਰਾਂ ਨੂੰ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਗ੍ਰਿਪ 3.0 ਅਡੀਸ਼ਨ ਸਬੰਧੀ ਜਾਣਕਾਰੀ PSCST ਦੀ ਵੈਬਸਾਈਟ www.pscst.punjab.gov.in ’ਤੇ ਅਪਲੋਡ ਕੀਤੀ ਜਾਵੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਹੋਰ ਸਕੀਮਾਂ ਤੋਂ ਇਲਾਵਾ ਸ਼ਾਹਕੋਟ ਵਿਖੇ ਐਸਪੀਰੇਸ਼ਨਲ ਬਲਾਕ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਜਾਇਜ਼ਾ ਲਿਆ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਧੀਰ ਸਿੰਘ ਠਾਕੁਰ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।