ਡਵੀਜ਼ਨਲ ਕਮਿਸ਼ਨਰ ਵੱਲੋਂ ਜਿੰਮਖਾਨਾ ਕਲੱਬ ਵਿਖੇ ਸੋਲਰ ਪਾਵਰ ਪ੍ਰਾਜੈਕਟ ਦੀ ਸ਼ੁਰੂਆਤ
ਡਵੀਜ਼ਨਲ ਕਮਿਸ਼ਨਰ ਵੱਲੋਂ ਜਿੰਮਖਾਨਾ ਕਲੱਬ ਵਿਖੇ ਸੋਲਰ ਪਾਵਰ ਪ੍ਰਾਜੈਕਟ ਦੀ ਸ਼ੁਰੂਆਤ
ਨਵਾਂ ਕਮਰਾ ਵੀ ਕੀਤਾ ਸਮਰਪਿਤ
ਜਲੰਧਰ, 24 ਦਸੰਬਰ : ਡਵੀਜ਼ਨਲ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਜੋ ਕਿ ਜਲੰਧਰ ਜਿੰਮਖਾਨਾ ਕਲੱਬ ਦੇ ਪ੍ਰਧਾਨ ਵੀ ਹਨ, ਵੱਲੋਂ ਅੱਜ ਕਲੱਬ ਵਿਖੇ ਸੋਲਰ ਪਾਵਰ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਤੋਂ ਇਲਾਵਾ ਨਵਾਂ ਕਮਰਾ ਵੀ ਕਲੱਬ ਮੈਂਬਰਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੀ ਮੌਜੂਦ ਸਨ।
ਸ਼੍ਰੀ ਸੱਭਰਵਾਲ ਨੇ ਦੱਸਿਆ ਕਿ ਕਲੱਬ ਵਿਖੇ 260 ਕਿਲੋਵਾਟ ਦੀ ਸਮਰੱਥਾ ਵਾਲਾ ਸੋਲਰ ਪਾਵਰ ਪ੍ਰਾਜੈਕਟ ਲਾਇਆ ਜਾ ਰਿਹਾ ਹੈ, ਜੋ ਕਿ ਕਲੱਬ ਦੀ 80 ਫੀਸਦੀ ਦੇ ਕਰੀਬ ਬਿਜਲੀ ਦੀ ਲੋੜ ਪੂਰੀ ਕਰਨ ਦੇ ਸਮਰੱਥ ਹੈ।ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ 15 ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ।
ਕਲੱਬ ਮੈਂਬਰਾਂ ਨੂੰ ਇਸ ਨਵੀਂ ਪਹਿਲਕਦਮੀ ਲਈ ਮੁਬਾਰਕਬਾਦ ਦਿੰਦਿਆਂ ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਬਿਜਲੀ ਦੀ ਬੱਚਤ ਹੋਵੇਗੀ ਸਗੋਂ ਕਲੱਬ ਦੀ ਬਿਜਲੀ ਦੀ ਜ਼ਰੂਰਤ ਪੂਰੀ ਹੋਣ ਤੋਂ ਇਲਾਵਾ ਕਲੱਬ ਦਾ ਬਿਜਲੀ ਬਿੱਲ ਦਾ ਖਰਚਾ ਵੀ ਘਟੇਗਾ।
ਨਵੇਂ ਕਮਰੇ ਦਾ ਜਾਇਜ਼ਾ ਲੈਣ ਉਪਰੰਤ ਡਵੀਜ਼ਨਲ ਕਮਿਸ਼ਨਰ-ਕਮ-ਪ੍ਰਧਾਨ ਜਿੰਮਖਾਨਾ ਕਲੱਬ ਨੇ ਕਲੱਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਲੱਬ ਪ੍ਰਬੰਧਕਾਂ ਵੱਲੋਂ ਕਲੱਬ ਮੈਂਬਰਾਂ ਦੀ ਸਹੂਲਤ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੀ ਸਲਾਹਿਆ।
ਇਸ ਮੌਕੇ ਕਲੱਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਵੀ ਮੌਜੂਦ ਸਨ।