ਡਾ. ਬੀ.ਆਰ. ਅੰਬੇਡਕਰ ਪਾਰਕ 'ਚ ਬਾਬਾ ਸਾਹਿਬ ਦਾ ਬੁੱਤ ਸਥਾਪਿਤ
ਡਾ. ਬੀ.ਆਰ. ਅੰਬੇਡਕਰ ਪਾਰਕ 'ਚ ਬਾਬਾ ਸਾਹਿਬ ਦਾ ਬੁੱਤ ਸਥਾਪਿਤ*
- ਡਾ. ਬੀ.ਆਰ. ਅੰਬੇਡਕਰ ਦੇ ਨਾਮ ’ਤੇ ਬਣੇ ਪਾਰਕ ਦੀ ਪੁਨਰ ਸੁਰਜੀਤੀ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਕੈਬਨਿਟ ਮੰਤਰੀ
ਜਲੰਧਰ, 8 ਮਾਰਚ : ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਦਰ ਵਲੋਂ ਸੰਵਿਧਾਨ ਵਿੱਚ ਸਮਾਨਤਾ ਅਤੇ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਅੱਜ ਅਸੀਂ ਜੋ ਕੁਝ ਵੀ ਹਾਂ ਬਾਬਾ ਸਾਹਿਬ ਜੀ ਦੇ ਯਤਨਾਂ ਸਦਕਾ ਹੀ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸੁਤੰਤਰਤਾ ਸੈਨਾਨੀ, ਬਾਗਬਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਵਲੋਂ ਡਾ.ਬੀ.ਆਰ.ਅੰਬੇਡਕਰ ਵੈਲਫੇਅਰ ਸੁਸਾਇਟੀ (ਰਜਿ.) ਗੜ੍ਹਾ ਵਲੋਂ ਡਾ.ਬੀ.ਆਰ.ਅੰਬੇਡਕਰ ਪਾਰਕ (ਅਰਬਨ ਅਸਟੇਟ ਫੇਜ-1) ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਸਥਾਪਿਤ ਕਰਨ ਮੌਕੇ ਕਰਵਾਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ ਗਿਆ।
ਸ੍ਰੀ ਭਗਤ ਨੇ ਕਿਹਾ ਕਿ ਅਸੀਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਵਲੋਂ ਦੱਬੇ-ਕੁਚਲੇ ਲੋਕਾਂ ਨੂੰ ਸਮਾਨਤਾ ਅਤੇ ਸਵੈਮਾਣ ਨਾਲ ਆਪਣੀ ਜਿੰਦਗੀ ਜਿਉਣ ਦਾ ਅਧਿਕਾਰ ਦਿਵਾਉਣ ਵਿੱਚ ਪਾਏ ਗਏ ਯੋਗਦਾਨ ਨੂੰ ਭੁੱਲ ਨਹੀਂ ਸਕਦੇ । ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵਲੋਂ ਦਿਖਾਏ ਮਾਰਗ ’ਤੇ ਚੱਲਣਾ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉਹ ਅਰਬਨ ਅਸਟੇਟ ਫੇਜ-1 ਵਿੱਚ ਬਣੇ ਡਾ.ਬੀ.ਆਰ.ਅੰਬੇਡਕਰ ਪਾਰਕ ਦੇ ਸੁੰਦਰੀਕਰਨ, ਨਵੀਨੀਕਰਨ ਅਤੇ ਪੁਨਰ ਸੁਰਜੀਤੀ ਦੀ ਜਿੰਮੇਵਾਰੀ ਨਿੱਜੀ ਤੌਰ ’ਤੇ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇਹ ਪਾਰਕ ਬਾਬਾ ਸਾਹਿਬ ਦੇ ਨਾਮ ’ਤੇ ਬਣਾਇਆ ਗਿਆ ਹੈ ਅਤੇ ਹੁਣ ਇਥੇ ਬਾਬਾ ਸਾਹਿਬ ਦਾ ਬੁੱਤ ਵੀ ਲਗਾਇਆ ਗਿਆ ਹੈ, ਇਸ ਲਈ ਉਹ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਨਿਗਰਾਨੀ ਹੇਠ ਇਸ ਪਾਰਕ ਨੂੰ ਸੁੰਦਰ ਬਣਾਉਣਗੇ ਅਤੇ ਇਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਾਰਕ ਨੂੰ ਇਸ ਤਰ੍ਹਾਂ ਵਿਕਸਿਤ ਕੀਤਾ ਜਾਵੇਗਾ ਕਿ ਇਥੇ ਆਉਣ ਵਾਲੇ ਲੋਕਾਂ ਨੂੰ ਬਾਬਾ ਸਾਹਿਬ ਦੀ ਜੀਵਨੀ ਦੀ ਝਲਕ ਮਿਲ ਸਕੇ।
ਇਸ ਮੌਕੇ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਚੰਦਨ ਗਰੇਵਾਲ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ, ਡਿਪਟੀ ਮੇਅਰ ਮਲਕੀਤ ਲੁਭਾਣਾ, ਕੌਂਸਲਰ ਕ੍ਰਿਪਾਲ ਪਾਲੀ, ਕੌਂਸਲਰ ਜੁਨੇਜਾ, ਮਹਿੰਦਰ ਕੈਂਥ, ਕੌਂਸਲਰ ਪਤੀ ਸੁਦੇਸ਼ ਭਗਤ, ਚੇਅਰਮੈਨ ਸੁਭਾਸ਼ ਭਗਤ, ਇੰਸਪੈਕਟਰ ਮੀਨਾ, ਕੇ ਪਵਾਰ, ਯਸ਼ਪਾਲ ਦੁਆ ਅਤੇ ਸੁਸਾਇਟੀ ਦੇ ਹੋਰ ਮੈਂਬਰ ਮੌਜੂਦ ਸਨ।