ਭੋਗਪੁਰ ਦੇ ਬੋਇਲਰਾਂ ਦੇ ਸੰਚਾਲਨ ਦੌਰਾਨ ਪੈਦਾ ਹੋਣ ਵਾਲੀ ਸਵਾਹ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਖਤ ਨਿਰਦੇਸ਼ ਜਾਰੀ
ਜਲੰਧਰ, 7 ਮਾਰਚ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਇਕ ਸਖਤ ਕਦਮ ਚੁੱਕਦਿਆਂ ਭੋਗਪੁਰ ਦੇ ਬੋਇਲਰਾਂ ਦੇ ਸੰਚਾਲਨ ਦੌਰਾਨ ਪ੍ਰਦੂਸ਼ਣ ਕੰਟਰੋਲ ਐਕਟ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਇਹ ਹਦਾਇਤ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭੋਗਪੁਰ ਦੇ ਬੋਇਲਰਾਂ ਦੇ ਸੰਚਾਲਨ ਦੌਰਾਨ ਸਵਾਹ ਨਾਲ ਨਜਿੱਠਣ ਲਈ ਯੋਗ ਉਪਰਾਲੇ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਊਣਤਾਈ ਸਾਹਮਣੇ ਆਉਣ 'ਤੇ ਸਖਤ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਯਮਾਂ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ, ਜਿਸ ਤਹਿਤ ਸਬੰਧਿਤ ਬੋਇਲਰ ਸੰਚਾਲਕ ਵਲੋਂ ਬੈਂਕ ਗਰੰਟੀ ਜਮ੍ਹਾ ਕਰਵਾਈ ਜਾਵੇਗੀ ਅਤੇ ਬੋਇਲਰ ਤੋਂ ਧੂੰਆਂ ਪੈਦਾ ਹੋਣ ਦੀ ਸੂਰਤ ਵਿੱਚ ਇਹ ਬੈਂਕ ਗਰੰਟੀ ਜ਼ਬਤ ਕਰਨ ਤੋਂ ਇਲਾਵਾ ਬੋਇਲਰ ਨੂੰ ਬੰਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੋਇਲਰ ਵਿੱਚੋਂ ਨਿਕਲਣ ਵਾਲੀ ਸਵਾਹ ਦਾ ਨਿਬੇੜਾ ਉਥੇ ਹੀ ਕੀਤਾ ਜਾਵੇ ਅਤੇ ਜੇਕਰ ਇਹ ਸਵਾਹ ਆਸ ਪਾਸ ਦੇ ਘਰਾਂ ਵਿੱਚ ਜਾਂਦੀ ਹੈ, ਤਾਂ ਪਲਾਂਟ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਲਾਕਾ ਵਾਸੀਆਂ ਨੂੰ ਅਜਿਹੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਇਸ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਐਕਟ ਦੀਆਂ ਸ਼ਰਤਾਂ ਨੂੰ ਇੰਨ-ਬਿੰਨ ਲਾਗੂ ਕਰਨਾ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਸਾਹਮਣੇ ਆਉਣ 'ਤੇ ਬੋਇਲਰ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਬੋਇਲਰ ਵਿੱਚੋਂ ਨਿਕਲਦੀ ਸਵਾਹ ਦਾ ਵਾਤਾਵਰਣ ਅਨੁਕੂਲ ਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹੋਏ ਯੋਗ ਨਿਪਟਾਰਾ ਕੀਤਾ ਜਾਵੇ।
ਡਾ. ਅਗਰਵਾਲ ਨੇ ਭੋਗਪੁਰ ਵਿਖੇ ਬਾਇਓ ਸੀ.ਐਨ.ਜੀ. ਪਲਾਂਟ ਨੂੰ ਵੀ ਸੰਚਾਲਕਾਂ ਵਲੋਂ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਰਦੇਸ਼ਾਂ ਅਤੇ ਐਕਟ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸਮੇਂ-ਸਮੇਂ ’ਤੇ ਬੋਇਲਰਾਂ ਅਤੇ ਬਾਇਓ ਸੀ.ਐਨ.ਜੀ. ਪਲਾਂਟ ਦੀ ਸਰਕਾਰੀ ਮਾਪਦੰਡਾਂ ਮੁਤਾਬਕ ਚੈਕਿੰਗ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਵਿੱਚ ਜੇਕਰ ਕਿਸੇ ਕਿਸਮ ਦੀ ਊਣਤਾਈ ਪਾਈ ਗਈ, ਤਾਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਬਾਇਓ ਸੀ.ਐਨ.ਜੀ. ਨੂੰ ਲੈ ਕੇ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਨਾਲ ਹੀ ਸਖਤ ਹਦਾਇਤ ਵੀ ਕੀਤੀ ਕਿ ਪ੍ਰਦੂਸ਼ਣ ਸਬੰਧੀ ਊਣਤਾਈ ਸਾਹਮਣੇ ਆਉਣ 'ਤੇ ਪ੍ਰਸਾਸ਼ਨ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ।