ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਬੀ. ਐਲ. ਓਜ਼ ਵੱਲੋਂ ਵੋਟਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ-ਜ਼ਿਲ੍ਹਾ ਚੋਣ ਅਫ਼ਸਰ
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਕਪੂਰਥਲਾ
ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਬੀ. ਐਲ. ਓਜ਼ ਵੱਲੋਂ ਵੋਟਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ-ਜ਼ਿਲ੍ਹਾ ਚੋਣ ਅਫ਼ਸਰ
ਸਰਵੇਖਣ ਦੌਰਾਨ ਬੀ. ਐਲ. ਓਜ਼ ਵੱਲੋਂ ਵੋਟਰ ਸੂਚੀ ਵਿੱਚ ਪਹਿਲਾਂ ਤੋਂ ਦਰਜ ਵੋਟਰਾਂ ਤੇ ਉਹਨਾਂ ਦੇ ਵੇਰਵਿਆਂ ਦੀ ਕੀਤੀ ਜਾਵੇਗੀ ਪੜਤਾਲ
ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਸਬੰਧਤ ਬੀ. ਐਲ. ਓਜ਼ ਨੂੰ ਪੂਰਾ ਸਹਿਯੋਗ ਦੇਣ ਦੀ ਕੀਤੀ ਅਪੀਲ
ਕਪੂਰਥਲਾ, 21 ਅਗਸਤ :ਭਾਰਤੀ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1 ਜਨਵਰੀ, 2025 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਜਾਰੀ ਪ੍ਰੋਗਰਾਮ ਮੁਤਾਬਕ ਵੋਟਰਾਂ ਦੇ ਵੇਰਵਿਆਂ ਦੀ ਵੈਰੀਫਿਕੇਸ਼ਨ ਲਈ ਬੂਥ ਲੈਵਲ ਅਫ਼ਸਰਾਂ ਵੱਲੋਂ ਘਰ-ਘਰ ਜਾ ਕੇ ਸਰਵੇਖਣ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ, ਜੋ ਕਿ 20 ਸਤੰਬਰ, 2024 ਤੱਕ ਜਾਰੀ ਰਹੇਗਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਸਰਵੇਖਣ ਦੌਰਾਨ ਬੀ. ਐਲ. ਓਜ਼ ਵੱਲੋਂ ਵੋਟਰ ਸੂਚੀ ਵਿੱਚ ਪਹਿਲਾਂ ਤੋਂ ਦਰਜ ਵੋਟਰਾਂ ਅਤੇ ਉਨ੍ਹਾਂ ਦੇ ਵੇਰਵਿਆਂ ਦੀ ਪੜਤਾਲ ਕੀਤੀ ਜਾਵੇਗੀ ਤਾਂ ਜੋ ਵੋਟਰਾਂ ਦੇ ਵੇਰਵਿਆਂ ਵਿੱਚ ਕੋਈ ਤਰੁੱਟੀ ਨਾ ਰਹੇ। ਉਨ੍ਹਾਂ ਦੱਸਿਆ ਕਿ ਬੀ. ਐਲ. ਓਜ਼ ਅਜਿਹੇ ਨੌਜਵਾਨ, ਜਿੰਨ੍ਹਾਂ ਦੀ ਵੋਟ ਅਜੇ ਨਹੀਂ ਬਣੀ, ਭਵਿੱਖ ਵਿੱਚ ਬਣਨ ਵਾਲੇ ਯੋਗ ਵੋਟਰਾਂ, ਮਰ ਚੁੱਕੇ, ਸ਼ਿਫ਼ਟ ਹੋ ਚੁੱਕੇ, ਮਲਟੀਪਲ ਇੰਦਰਾਜ ਅਤੇ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਦੀ ਦਰੁੱਸਤੀ ਸਬੰਧੀ ਵੀ ਡਾਟਾ ਇਕੱਤਰ ਕਰਨਗੇ।
ਉਨ੍ਹਾਂ ਦੱਸਿਆ ਕਿ ਬੀ. ਐਲ. ਓਜ਼ ਵੱਲੋਂ ਇਹ ਵੈਰੀਫਿਕੇਸ਼ਨ ਆਪਣੇ ਮੋਬਾਇਲ ’ਤੇ ਬੀ. ਐਲ. ਓ. ਐਪ ਰਾਹੀਂ ਕੀਤੀ ਜਾਵੇਗੀ ਅਤੇ ਬੀ. ਐਲ. ਓਜ਼ ਵੱਲੋਂ ਵੈਰੀਫਿਕੇਸ਼ਨ ਦੌਰਾਨ ਘਰ-ਪਰਿਵਾਰ ਵਿੱਚ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨ, ਜਿੰਨ੍ਹਾਂ ਦੀ ਅਜੇ ਤੱਕ ਵੋਟ ਨਹੀਂ ਬਣੀ, ਉਹ ਫਾਰਮ ਨੰਬਰ 6 ਭਰ ਕੇ ਨਵੀਂ ਵੋਟ ਬਣਵਾ ਸਕਦੇ ਹਨ। ਇਸੇ ਤਰ੍ਹਾਂ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਜਾਂ ਕਿਸੇ ਹੋਰ ਸਥਾਨ ’ਤੇ ਸ਼ਿਫਟ ਹੋ ਚੁੱਕੇ ਹਨ ਜਾਂ ਜਿਨ੍ਹਾਂ ਵਿਅਕਤੀਆਂ ਦੀ 2 ਥਾਵਾਂ ’ਤੇ ਵੋਟ ਬਣੀ ਹੋਈ ਹੈ, ਉਹ ਫਾਰਮ ਨੰਬਰ 7 ਭਰ ਕੇ ਸਬੰਧਤ ਬੀ. ਐਲ. ਓਜ਼. ਰਾਹੀਂ ਵੋਟ ਕਟਵਾ ਸਕਦੇ ਹਨ। ਇਸੇ ਤਰ੍ਹਾਂ ਜਿਨ੍ਹਾਂ ਵਿਅਕਤੀਆਂ ਦੀ ਵੋਟ ਬਣੀ ਹੋਈ ਹੈ, ਉਹ ਕਿਸੇ ਵੀ ਕਿਸਮ ਦੀ ਦਰੁੱਸਤੀ ਲਈ ਫਾਰਮ ਨੰਬਰ 8 ਭਰ ਕੇ ਸਬੰਧਤ ਬੀ. ਐਲ. ਓ. ਨੂੰ ਦੇ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਆਮ ਲੋਕਾਂ, ਵੋਟਰਾਂ ਨੂੰ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿੱਚ ਸਬੰਧਤ ਬੀ. ਐਲ. ਓਜ਼ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਜਾਰੀ ਪ੍ਰੋਗਰਾਮ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 29 ਅਕਤੂਬਰ, 2024 ਨੂੰ ਕੀਤੀ ਜਾਣੀ ਹੈ, ਜਿਸ ’ਤੇ ਆਮ ਲੋਕਾਂ, ਵੋਟਰਾਂ ਪਾਸੋਂ 28 ਨਵੰਬਰ, 2024 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 24 ਦਸੰਬਰ, 2024 ਤੱਕ ਕੀਤਾ ਜਾਵੇਗਾ ਅਤੇ 06 ਜਨਵਰੀ 2025 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।