ਯੂ.ਕੇ. ਸਥਿਤ ਐਨ.ਆਰ.ਆਈ. ਨੇ ਆਪਣੀ 17 ਏਕੜ ਜ਼ਮੀਨ ਕਬਜ਼ਾਮੁਕਤ ਕਰਵਾਉਣ ਲਈ ਪੰਜਾਬ ਸਰਕਾਰ ਦਾ ਕੀਤਾ ਵਿਸ਼ੇਸ਼ ਧੰਨਵਾਦ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਯੂ.ਕੇ. ਸਥਿਤ ਐਨ.ਆਰ.ਆਈ. ਨੇ ਆਪਣੀ 17 ਏਕੜ ਜ਼ਮੀਨ ਕਬਜ਼ਾਮੁਕਤ ਕਰਵਾਉਣ ਲਈ ਪੰਜਾਬ ਸਰਕਾਰ ਦਾ ਕੀਤਾ ਵਿਸ਼ੇਸ਼ ਧੰਨਵਾਦ
- ਪਿਛਲੇ ਤਿੰਨ ਸਾਲਾਂ 'ਚ ਪ੍ਰਵਾਸੀ ਭਾਰਤੀਆਂ ਦੀਆਂ 3200 ਅਰਜ਼ੀਆਂ ਦਾ ਨਿਪਟਾਰਾ, ਇੰਚ-ਇੰਚ ਜ਼ਮੀਨ ਖਾਲੀ ਕਰਵਾਈ ਜਾਵੇਗੀ - ਕੁਲਦੀਪ ਸਿੰਘ ਧਾਲੀਵਾਲ
ਲੁਧਿਆਣਾ, 7 ਮਾਰਚ (000) - ਯੂ.ਕੇ. ਸਥਿਤ ਇੱਕ ਪ੍ਰਵਾਸੀ ਭਾਰਤੀ ਰਣਧੀਰ ਸਿੰਘ ਨੇ ਜ਼ਿਲ੍ਹੇ ਦੇ ਪਿੰਡ ਭੂੰਦੜੀ ਵਿੱਚ ਆਪਣੀ 17 ਏਕੜ ਕਬਜ਼ੇ ਵਾਲੀ ਜ਼ਮੀਨ ਨੂੰ ਖਾਲੀ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ।
ਖਾਲੀ ਕਰਵਾਈ ਜ਼ਮੀਨ ਦੇ ਨਿਰੀਖਣ ਦੌਰਾਨ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਪਾਰਦਰਸ਼ੀ ਸ਼ਾਸਨ ਪ੍ਰਦਾਨ ਕਰਦਿਆਂ ਐਨ.ਆਰ.ਆਈ. ਭਾਈਚਾਰੇ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਐਨ.ਆਰ.ਆਈ. ਰਣਧੀਰ ਸਿੰਘ ਨੇ ਉਨ੍ਹਾਂ ਦੇ ਭਰਾ ਦੁਆਰਾ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ੇ ਬਾਰੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਸ਼ਿਕਾਇਤ ਮਿਲਣ 'ਤੇ, ਉਨ੍ਹਾਂ ਤੁਰੰਤ ਅਧਿਕਾਰੀਆਂ ਨੂੰ ਜ਼ਮੀਨ ਦਾ ਕਬਜ਼ਾ ਛੁਡਵਾਉਣ ਦੇ ਆਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ, ਆਉਣ ਵਾਲੇ ਦਿਨਾਂ ਵਿੱਚ ਰਣਧੀਰ ਸਿੰਘ ਦੇ ਜੱਦੀ ਘਰ ਨੂੰ ਵੀ ਕਬਜ਼ਾਮੁਕਤ ਕਰਵਾ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਐਨ.ਆਰ.ਆਈ. ਮੰਤਰਾਲੇ ਦੀ ਅਗਵਾਈ ਸਾਂਭੀ ਹੈ, ਪਿਛਲੇ ਤਿੰਨ ਸਾਲਾਂ ਵਿੱਚ ਐਨ.ਆਰ.ਆਈ. ਨਾਲ ਸਬੰਧਤ 3,200 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਐਨ.ਆਰ.ਆਈ. ਭਾਈਚਾਰੇ ਨੂੰ ਦਰਪੇਸ਼ ਮੁੱਦਿਆਂ ਨੂੰ ਕੁਸ਼ਲਤਾ ਨਾਲ ਹੱਲ ਕਰਨ ਲਈ ਇੱਕ ਵਿਧੀ ਸਥਾਪਤ ਕੀਤੀ ਹੈ, ਜਿਸ ਨਾਲ ਉਹ ਪੰਜਾਬ ਵਿੱਚ ਆਪਣੇ ਠਹਿਰਾਅ ਨੂੰ ਵਧਾਏ ਬਿਨਾਂ ਮਾਮਲਿਆਂ ਨੂੰ ਹੱਲ ਕਰ ਸਕਦੇ ਹਨ।